ਮਾਰਕਸਵਾਦ ਅਤੇ ਕੌਮੀ ਸਵਾਲ ‘ਤੇ ਅਧਿਐਨ ਦੇ ਨਾਂ ‘ਤੇ ਬੁੰਦਵਾਦੀ ਕੌਮਵਾਦ, ਕੌਮੀ ਕੱਟੜਪੰਥ ਅਤੇ ਟਰਾਟਸਕੀਪੰਥ ‘ਚ ਨਿਘਾਰ ਦੀ ਮੰਦਭਾਗੀ ਕਹਾਣੀ
ਉਸਦਾ ਇਹ ਲੇਖ ਨਾ ਸਿਰਫ਼ ਸਿਧਾਂਤ ਦੇ ਖੇਤਰ ‘ਚ ਭਿਆਨਕ ਅਗਿਆਨ ਦੀ ਨੁਮਾਇਸ਼ ਕਰਦਾ ਹੈ, ਸਗੋਂ ਇਤਿਹਾਸ ਦੇ ਖੇਤਰ ‘ਚ ਵੀ ਉੱਨੇ ਹੀ ਭਿਆਨਕ ਅਗਿਆਨ ਦੀ ਨੁਮਾਇਸ਼ ਕਰਦਾ ਹੈ। ਕੌਮਵਾਦ, ਬੁੰਦਵਾਦ ਅਤੇ ਟਰਾਟਸਕੀਪੰਥ ਦਾ ਇਹ ਭਰਮੀ ਅਤੇ ਅਗਿਆਨਤਾਪੂਰਨ ਰਲਾ ਕਮਿਊਨਿਸਟ ਲਹਿਰ ਦੇ ਬਹੁਤ ਸਾਰੇ ਜੇਨੁਇਨ ਕਾਰਕੁੰਨਾਂ ਨੂੰ ਵੀ ਉਲਝਾਉਂਦਾ ਹੈ ਅਤੇ ਇਸੇ ਕਰਕੇ ਅਸੀਂ ਤਫ਼ਸੀਲ ਨਾਲ ਇਸਦੀ ਅਲੋਚਨਾ ਦੀ ਲੋੜ ਮਹਿਸੂਸ ਕੀਤੀ। ਬਹੁਤ ਸਾਰੇ ਪੱਖਾਂ ਬਾਰੇ ਹੋਰ ਵੀ ਤਫ਼ਸੀਲ ਨਾਲ ਲਿਖਣ ਦੀ ਲੋੜ ਹੈ, ਜਿਸਨੂੰ ਅਸੀਂ ਪੰਜਾਬ ਦੇ ਕੌਮੀ ਸਵਾਲ ਅਤੇ ਭਾਰਤ ‘ਚ ਕੌਮੀ ਸਵਾਲ ਬਾਰੇ ਲਿਖਦੇ ਹੋਏ ਚੁੱਕਾਂਗੇ। ਇਸਦੇ ਨਾਲ ਹੀ, ਇਤਿਹਾਸ ਦੇ ਵੀ ਕਈ ਮਸਲਿਆਂ ਬਾਰੇ ਅਸੀਂ ਇੱਥੇ ਉੱਨੀ ਹੀ ਗੱਲ ਕੀਤੀ ਹੈ, ਜਿੰਨੀ ਕਿ ‘ਲਲਕਾਰ-ਪ੍ਰਤੀਬੱਧ’ ਗਰੁੱਪ ਵੱਲੋਂ ਪੇਸ਼ ਬੁੰਦਵਾਦੀ, ਕੌਮਵਾਦੀ ਅਤੇ ਟਰਾਟਸਕੀਪੰਥੀ ਲੀਹ ਦੀ ਕਾਟ ਲਈ ਲੋੜੀਂਦੀ ਸੀ। ਪਰ ਕੌਮੀ ਸਵਾਲ ਨੂੰ ਇਤਿਹਾਸਕ ਪਰਿਪੇਖ ‘ਚ ਸਮਝਣ ਲਈ ਉਹ ਮੁੱਦੇ ਵੀ ਦਿਲਚਸਪ ਹਨ ਅਤੇ ਉਨ੍ਹਾਂ ਬਾਰੇ ਵੀ ਅਸੀਂ ਆਉਣ ਵਾਲੇ ਸਮੇਂ ‘ਚ ਲਿਖਾਂਗੇ।