‘ਪ੍ਰਤੀਬੱਧ-ਲਲਕਾਰ’ ਦੇ ਟ੍ਰਾਟ-ਬੁੰਦਵਾਦੀਆਂ ਦੀ ਪੁਰਾਤੱਤਵੀ ਖੁਦਾਈ ਅਤੇ ਬਹਿਸ ਚੋਂ ਭੱਜਣ ਦੀ ਇੱਕ ਹੋਰ ਅਸਫਲ ਕੋਸ਼ਿਸ਼

ਜਦ ਅਸੀਂ ‘ਪ੍ਰਤੀਬੱਧ-ਲਲਕਾਰ’ ਗਰੁੱਪ ਦੇ ਕੌਮਵਾਦੀਆਂ ਦੇ ‘ਪ੍ਰਤੀਬੱਧ-33’ ‘ਚ ਛਪੇ ਲੇਖ ‘ਕੌਮੀ ਸਵਾਲ ਅਤੇ ਮਾਰਕਸਵਾਦ’ ਦੀ ਤਫ਼ਸੀਲੀ ਅਲੋਚਨਾ ਪੇਸ਼ ਕੀਤੀ (http://ahwanmag.com/archives/7567) ਅਤੇ ਉਨ੍ਹਾਂ ਨੂੰ ਵਾਰ-ਵਾਰ ਬਹਿਸ ਲਈ ਸੱਦਿਆ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਸਾਨੂੰ ਕੁਝ ਨਹੀਂ ਸਮਝਦੇ, ਇਸ ਲਈ ਸਾਡੇ ਨਾਲ ਬਹਿਸ ਨਹੀਂ ਕਰਨਗੇ, ਕਿ ਸਾਡਾ ਕੋਈ “ਅਮਲ” ਨਹੀਂ ਹੈ, ਇਸ ਲਈ ਸਾਡੇ ਨਾਲ ਬਹਿਸ ਨਹੀਂ ਕਰਨਗੇ, ਕਿ ਅਸੀਂ ਉਨ੍ਹਾਂ ਨੂੰ “ਕੌਮਵਾਦੀ”, “ਅਨਪੜ੍ਹ” ਕਹਿ ਦਿੱਤਾ ਇਸ ਲਈ ਉਹ ਸਾਡੇ ਨਾਲ ਬਹਿਸ ਨਹੀਂ ਕਰਨਗੇ ਅਤੇ ਉਹ ਤਾਂ ਇੱਥੋਂ ਤੱਕ ਕਹਿਣ ਲੱਗੇ ਕਿ ਮਾਰਕਸ ਤੋਂ ਮਾਓ ਤੱਕ ਕਦੇ ਕਿਸੇ ਨੇ ਕਿਸੇ ਨਾਲ ਕੋਈ ਬਹਿਸ ਹੀ ਨਹੀਂ ਕੀਤੀ ਹੈ, ਇਸ ਲਈ ਉਹ ਵੀ ਬਹਿਸ ਨਹੀਂ ਕਰਨਗੇ। ਮਤਲਬ, ਬਹਿਸ ਚੋਂ ਪੂੰਛ ਚੱਕਕੇ ਭੱਜਣ ਲਈ ਬੇਚਾਰਿਆਂ ਨੇ ਕਿਹੜੀਆਂ-ਕਿਹੜੀਆਂ ਟਪੂਸੀਆਂ ਨਾ ਮਾਰੀਆਂ!

ਤਾਂ ਇੱਕ ਪਾਸੇ ਤਾਂ ਸਾਡੇ ਕੌਮਵਾਦੀ ਸੱਜਣ ਬਹਿਸ ਚੋਂ ਭੱਜਦੇ ਰਹੇ ਅਤੇ ਹੁਣ ਦੂਜੇ ਪਾਸੇ ਉਨ੍ਹਾਂ ਨੇ ਚੋਰ-ਮੋਰੀਓਂ ਚਿੱਕੜ ਉਛਾਲੀ ਕਰਨ ਦਾ ਇੱਕ ਨਵਾਂ ਢੰਗ ਅਪਣਾਇਆ ਹੈ, ਤਾਂ ਜੋ ਆਪਣੇ ਖਿੰਡਦੇ ਜਾ ਰਹੇ ਕੁਨਬੇ ਚ ਗ਼ਲਤ ਲੀਹ ਰਾਹੀਂ ਵੱਡੇ ਪੱਧਰ ਤੇ ਲਾਗ ਫੈਲਾਕੇ ਸਹੀ ਲੀਹ ਪ੍ਰਤੀ “ਝੁੰਡ ਪ੍ਰਤੀਰੋਧਕਤਾ” ਪੈਦਾ ਕੀਤੀ ਜਾ ਸਕੇ! ਇਹ ਢੰਗ ਕੀ ਹੈ? ਇਹ ਹੈ ‘ਆਹ੍ਵਾਨ’ ਦੇ ਲਗਭਗ ਗਿਆਰਾਂ ਸਾਲ ਪੁਰਾਣੇ ਲੇਖ ਅਤੇ ‘ਮਜ਼ਦੂਰ ਬਿਗੁਲ’ ਦੇ ਇੱਕ ਸਾਲ ਪੁਰਾਣੇ ਲੇਖ ਨੂੰ ਕੱਢਕੇ ਲਿਆਉਣਾ, ਅਤੇ ਉਸਦੇ ਅਧਾਰ ‘ਤੇ ਇਹ ਦਾਅਵਾ ਕਰਨਾ ਕਿ ਅਸੀਂ ਇਹ ਮੰਨਦੇ ਹਾਂ ਕਿ ਪਸਿੱਤੀਆਂ ਕੌਮਾਂ ਸਿੱਧਾ ਸਮਾਜਵਾਦੀ ਇਨਕਲਾਬ ਕਰਕੇ ਆਪਣੀ ਕੌਮੀ ਅਜਾਦੀ ਹਾਸਲ ਕਰਨਗੀਆਂ ਅਤੇ ਉਦੋਂ ਤੱਕ ਅਜਾਦੀ ਦੀ ਲੜਾਈ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ! ਅਸੀਂ ਅੱਗੇ ਵਿਖਾਵਾਂਗੇ ਕਿ ਇਨ੍ਹਾਂ ਭੋਲੇ ਪੰਛੀਆਂ ਨੂੰ ਫੇਰ ਉਪਰੋਕਤ ਦੋਵੇਂ ਲੇਖ/ਟਿੱਪਣੀਆਂ ਸਮਝ ਹੀ ਨਹੀਂ ਆਈਆਂ ਹਨ ਅਤੇ ਇੱਕ ਵਾਰ ਫੇਰ ਉਹ ਇੱਕ ਇਤਿਹਾਸਕ ਮੁੱਲਾਂਕਣ ਅਤੇ ਸਿਆਸੀ ਪ੍ਰੋਗਰਾਮ ਵਿਚਕਾਰ ਫ਼ਰਕ ਨਹੀਂ ਕਰ ਸਕੇ, ਪਰ ਉਸ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਗੱਲ।

ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ‘ਪ੍ਰਤੀਬੱਧ-ਲਲਕਾਰ’ ਦੇ ਟ੍ਰਾਟ-ਬੁੰਦਵਾਦੀਆਂ ਨੂੰ ‘ਆਹ੍ਵਾਨ’ ਵੱਲੋਂ ਕੌਮੀ ਸਵਾਲ ਤੇ ਪੇਸ਼ ਕੀਤੇ ਨਵੀਨਤਮ ਪੋਜੀਸ਼ਨ ਪੇਪਰ ਦਾ ਜਵਾਬ ਦੇਣਾ ਚਾਹੀਦਾ ਸੀ, ਕਿਉਂਕਿ ਇਹ ਸਾਡੀ ਜੱਥੇਬੰਦੀ ਦੀ ਮੌਜੂਦਾ ਪੋਜੀਸ਼ਨ ਨੂੰ ਪੇਸ਼ ਕਰਦਾ ਹੈ। ਉਸਦੀ ਵਾਰੀ ਆਈ ਤਾਂ ਉਹ ਭੱਜ ਗਏ! ਬਹਿਸ ਦਾ ਬੁਨਿਆਦੀ ਅਸੂਲ ਹੀ ਇਹੀ ਹੈ ਕਿ ਅਸੀਂ ਆਪਣੇ ਵਿਰੋਧੀ ਦੀ ਕਿਸੇ ਵੀ ਸਵਾਲ ਤੇ ਮੌਜੂਦਾ ਅਤੇ ਨਵੀਨਤਮ ਪੋਜੀਸ਼ਨ ਦੀ ਅਲੋਚਨਾ ਕਰਦੇ ਹਾਂ। ਮਿਸਾਲ ਵਜੋਂ, ਅਸੀਂ ਕੌਮੀ ਸਵਾਲ ਤੇ ‘ਪ੍ਰਤੀਬੱਧ-ਲਲਕਾਰ’ ਗਰੁੱਪ ਦੀ ਨਵੀਨਤਮ ਪੋਜੀਸ਼ਨ ਦੀ ਅਲੋਚਨਾ ਪੇਸ਼ ਕੀਤੀ, ਅਸੀਂ ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਸਿਧਾਂਤਾਂ, ਸਿਆਸੀ ਅਰਥਸ਼ਾਸਤਰ ਆਦਿ ਤੇ ਉਨ੍ਹਾਂ ਦੀ ਜੋ ਨਵੀਨਤਮ ਪੋਜੀਸ਼ਨ ਸੀ (ਮਤਲਬ, ਜਗਰੂਪ ਬਾਰੇ ‘ਪ੍ਰਤੀਬੱਧ’ ਦੇ ਸੰਪਾਦਕ ਸੁਖਵਿੰਦਰ ਦਾ ਭਾਸ਼ਣ) ਉਸਨੂੰ ਅਲੋਚਨਾ ਲਈ ਚੁਣਿਆ। ਇਸ ਤਰ੍ਹਾਂ ਤਾਂ ਕਿਸੇ ਵੀ ਜੱਥੇਬੰਦੀ ਦੇ ਕਿਸੇ ਵੀ ਸਵਾਲ ‘ਤੇ ਪੇਸ਼ ਕੀਤੇ ਕਿਸੇ ਸਾਲਾਂ ਪੁਰਾਣੇ ਲੇਖ ਜਾਂ ਟਿੱਪਣੀ ਨੂੰ ਪੁਰਾਤੱਤਵੀ ਖੁਦਾਈ ਕਰਕੇ ਕੱਢਿਆ ਜਾ ਸਕਦਾ ਹੈ ਅਤੇ ਉਸਦੀ ਅਲੋਚਨਾ ਪੇਸ਼ ਕੀਤੀ ਜਾ ਸਕਦੀ ਹੈ। ਇਨ੍ਹਾਂ ਨੇ ਪਹਿਲਾਂ ਵੀ ਭਾਸ਼ਾ ਦੇ ਸਵਾਲ ‘ਤੇ ਸਾਡੀ ਮੌਜੂਦਾ ਪੋਜੀਸ਼ਨ ਦਾ ਜਵਾਬ ਦੇਣ ਦੀ ਬਜਾਏ, ‘ਦਾਇਤਵਬੋਧ’ ਦਾ ਵੀਹ ਸਾਲ ਪੁਰਾਣਾ ਇੱਕ ਲੇਖ ਕੱਢਿਆ ਸੀ ਆਪਣੇ-ਆਪ ਨੂੰ ਸਹੀ ਸਿੱਧ ਕਰਨ ਲਈ! ਕਿੰਨੀ ਦਿਲਚਸਪ ਗੱਲ ਹੈ ਕਿ ਇੱਕ ਪਾਸੇ ਤਾਂ ਸਾਡੇ ਵੱਲੋਂ ਪੇਸ਼ ਨਵੀਨਤਮ ਅਲੋਚਨਾ ਤੋਂ ‘ਪ੍ਰਤੀਬੱਧ-ਲਲਕਾਰ’ ਗਰੁੱਪ ਭੱਜਣ ਲਈ ਦੁਨੀਆਂ-ਜਹਾਨ ਦੀਆਂ ਪੁੱਠੀਆਂ-ਸਿੱਧੀਆਂ ਟਪੂਸੀਆਂ ਮਾਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ‘ਆਹ੍ਵਾਨ’ ਦਾ ਗਿਆਰਾਂ ਸਾਲ ਪੁਰਾਣਾ ਲੇਖ ਚੱਕਕੇ ਉਸ ਤੇ ਟੀਕਾ-ਟਿੱਪਣੀ ਕਰ ਰਿਹਾ ਹੈ। ਜਾਹਰ ਹੈ ਕਿ ਕੋਈ ਵੀ ਜੱਥੇਬੰਦੀ ਗਿਆਰਾਂ ਸਾਲ ਇੱਕੋ ਥਾਂ ਖੜ੍ਹੀ ਨਹੀਂ ਰਹਿੰਦੀ ਹੈ। ਉਸਦੇ ਵਿਚਾਰਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ। ਦੂਜੀ ਗੱਲ, ਇਹ ਤਾਂ ਕੋਈ ਅਨਾੜੀ ਵੀ ਸਮਝ ਸਕਦਾ ਹੈ ਕਿ ਕੋਈ ਵੀ ਜੱਥੇਬੰਦੀ ਹਰ ਸਮੇਂ ਹਰ ਸਵਾਲ ‘ਤੇ ਨਹੀਂ ਸੋਚਦੀ ਰਹਿੰਦੀ ਹੈ, ਸਗੋਂ ਜਦ ਜੋ ਸਵਾਲ ਉਸਦੇ ਸਾਹਮਣੇ ਮਘਦੇ ਰੂਪ ‘ਚ ਮੌਜੂਦ ਹੁੰਦਾ ਹੈ, ਉਹ ਉਸ ਬਾਰੇ ਸੋਚਦੀ ਹੈ। ਕਹਿਣ ਦੀ ਲੋੜ ਨਹੀਂ ਹੈ ਕਿ ‘ਆਹ੍ਵਾਨ’ ‘ਚ ਗਿਆਰਾਂ ਸਾਲ ਪਹਿਲਾਂ ਲਿਖੀ ਗਈ ਟਿੱਪਣੀ ਕੌਮੀ ਸਵਾਲ ‘ਤੇ ਜੱਥੇਬੰਦੀ ਦਾ ਪੋਜੀਸ਼ਨ ਪੇਪਰ ਨਹੀਂ ਹੈ। ਅਜਿਹੀ ਦਲੀਲ ਨਾਲ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ‘ਲਲਕਾਰ’ ‘ਚ ਕੁਝ ਸਾਲ ਪਹਿਲਾਂ ਪੋਰਨ ਫਿਲਮਾਂ ‘ਤੇ ਛਪਿਆ ਇੱਕ ਬਹੁਤ ਹੀ ਘਟੀਆ ਲੇਖ, ਸੁਖਵਿੰਦਰ ਦੀ ਪੋਰਨ ਫਿਲਮਾਂ ਬਾਰੇ ਪੋਜੀਸ਼ਨ ਹੈ। ਜਾਹਰ ਹੈ ਕਿ ਕਿਸੇ ਵੀ ਜੱਥੇਬੰਦੀ ਦੇ ਦਹਾਕੇ ਜਾਂ ਦੋ ਦਹਾਕੇ ਪੁਰਾਣੇ ਕਿਸੇ ਲੇਖ ਜਾਂ ਟਿੱਪਣੀ ਨੂੰ ਲਿਆਕੇ ਅੱਜ ਦੀ ਬਹਿਸ ‘ਤੇ ਮੜ੍ਹਣਾ ਹੀ ਮੂਰਖਤਾਪੂਰਨ ਅਤੇ ਹਾਸੋਹੀਣਾ ਹੈ ਅਤੇ ‘ਲਲਕਾਰ-ਪ੍ਰਤੀਬੱਧ’ ਗਰੁੱਪ ਦੀ ਬੁਜ਼ਦਿਲੀ ਨੂੰ ਹੋਰ ਵੀ ਸਪਸ਼ਟ ਕਰ ਦਿੰਦਾ ਹੈ। ਕੌਮੀ ਸਵਾਲ ‘ਤੇ ਸਾਡੀ ਜੱਥੇਬੰਦੀ ਦਾ ਪੋਜੀਸ਼ਨ ਪੇਪਰ ਹੁਣ ਤਫ਼ਸੀਲ ਨਾਲ ਪੇਸ਼ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਅਸੀਂ ਸੁਖਵਿੰਦਰ ਦੇ ਕੌਮਵਾਦ ਅਤੇ ਟਰਾਟਸਕੀਪੰਥ ਦੀ ਪੂਰੀ ਅਲੋਚਨਾ ਪੇਸ਼ ਕੀਤੀ ਹੈ। ਹੁਣ ਜਦਕਿ ਖਾਸ ਤੌਰ ਤੇ ਕੌਮੀ ਸਵਾਲ ਤੇ ਹੀ ਬਹਿਸ ਜਾਰੀ ਹੈ ਅਤੇ ‘ਪ੍ਰਤੀਬੱਧ-ਲਲਕਾਰ’ ਗਰੁੱਪ ਨੇ ਆਪਣਾ ਪੋਜੀਸ਼ਨ ਪੇਪਰ ਪੇਸ਼ ਕੀਤਾ ਹੈ, ਅਤੇ ਉਸਦੀ ਅਲੋਚਨਾ ਕਰਦੇ ਹੋਏ ਅਸੀਂ ਆਪਣਾ ਪੋਜੀਸ਼ਨ ਪੇਪਰ ਪੇਸ਼ ਕੀਤਾ ਹੈ, ਤਾਂ ਬੌਧਿਕ ਨੈਤਿਕਤਾ ਅਤੇ ਬਹਾਦਰੀ ਤਾਂ ਇਸੇ ਚ ਹੁੰਦੀ ਕਿ ਉਹ ਸਾਡੇ ਪੋਜੀਸ਼ਨ ਪੇਪਰ ਦੀ ਅਲੋਚਨਾ ਪੇਸ਼ ਕਰਦੇ। ਪਰ ਉਸ ਬਹਿਸ ਚੋਂ ਤਾਂ ਸਾਡੇ ਟ੍ਰਾਟ-ਬੁੰਦਵਾਦੀ ਟਿੰਡ-ਫੌੜ੍ਹੀ ਚੱਕਕੇ ਭੱਜ ਖੜ੍ਹੇ ਹੋਏ! ਇਹ ਮਹਿਜ਼ ਇਨ੍ਹਾਂ ਦੀ ਬੌਧਿਕ ਬੁਜ਼ਦਿਲੀ, ਬੇਈਮਾਨੀ ਅਤੇ ਬੌਣੇਪਣ ਦੀ ਨਿਸ਼ਾਨੀ ਹੈ। ਪਰ ਇੱਥੇ ਹੀ ਕਹਾਣੀ ਨਹੀਂ ਮੁੱਕਦੀ। ਇਨ੍ਹਾਂ ਪੁਰਾਣੇ ਲੇਖਾਂ ਦੀ ਪੋਜੀਸ਼ਨ ਵੀ ਇਨ੍ਹਾਂ ਦੇ ਪੱਲੇ ਨਹੀਂ ਪਈ ਹੈ! ਆਓ ਦੇਖਦੇ ਹਾਂ ਕਿਵੇਂ।

‘ਆਹ੍ਵਾਨ’ ਅਤੇ ‘ਬਿਗੁਲ’ ਦੇ ਇਨ੍ਹਾਂ ਲੇਖਾਂ ਬਾਰੇ ਉਨ੍ਹਾਂ ਨੇ ਜੋ ਟਿੱਪਣੀ ਕੀਤੀ ਹੈ, ਉਹ ਫੇਰ ਸਿੱਧ ਕਰਦੀ ਹੈ ਕਿ ਉਨ੍ਹਾਂ ਇਤਿਹਾਸਕ ਮੁੱਲਾਂਕਣ ਅਤੇ ਸਿਆਸੀ ਪ੍ਰੋਗਰਾਮ ਵਿਚਕਾਰ ਦਾ ਫ਼ਰਕ ਸਮਝ ਨਹੀਂ ਆਉਂਦਾ ਹੈ।

ਸਾਡੇ ਇਨ੍ਹਾਂ ਦੋਹਾਂ ਹੀ ਲੇਖਾਂ ‘ਚ ਜੋ ਗੱਲ ਕਹੀ ਗਈ ਹੈ ਉਹ ਇਹ ਹੈ:

ਸਾਮਰਾਜਵਾਦ ਦੇ ਯੁੱਗ ਚ ਪਸਿੱਤੀਆਂ ਕੌਮਾਂ ਨੂੰ ਆਪਾ-ਨਿਰਣੇ ਦਾ ਹੱਕ ਦੇਣ ਦੀ ਸਮਰੱਥਾ ਜਾਬਰ ਕੌਮ ਦੀ ਬੁਰਜੂਆਜੀ ਗੁਆ ਚੁੱਕੀ ਹੈ। ਸਾਮਰਾਜਵਾਦ ਤੋਂ ਪਹਿਲਾਂ ਦੇ ਦੌਰ ‘ਚ ਸਰਮਾਏਦਾਰ ਜਮਾਤ ‘ਚ ਕੌਮਾਂ ਦੇ ਆਪਾ-ਨਿਰਣੇ ਦਾ ਹੱਕ ਦੇਣ ਦੀ ਸਮਰੱਥਾ ਮੁਕਾਬਲਤਨ ਜਿਆਦਾ ਸੀ, ਪਰ ਸਾਮਰਾਜਵਾਦ ਦੇ ਦੌਰ ‘ਚ ਸਰਮਾਏਦਾਰ ਜਮਾਤ ਦੀ ਪਤਨਸ਼ੀਲਤਾ ਅਤੇ ਮਰਨਾਉਪਣ ਉਸਨੂੰ ਇਸਦੀ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਰਹਿਤ ਕਰ ਦਿੰਦਾ ਹੈ। ਇਸੇ ਲਈ ਪਸਿੱਤੀਆਂ ਕੌਮਾਂ ਨੂੰ ਜਿਆਦਾਤਰ ਮਾਮਲਿਆਂ ‘ਚ ਕੌਮੀ ਅਜਾਦੀ ਤਦ ਹੀ ਹਾਸਲ ਹੋਵੇਗੀ ਜਦਕਿ ਜਾਬਰ ਕੌਮ ਦੇ ਦੇਸ਼ ‘ਚ ਸਮਾਜਵਾਦੀ ਇਨਕਲਾਬ ਹੋ ਜਾਵੇ। ਇਸ ਲਈ ਇਨ੍ਹਾਂ ਪਸਿੱਤੀਆਂ ਕੌਮਾਂ ਦੇ ਕੌਮੀ ਜਮਹੂਰੀ ਇਨਕਲਾਬ ਦੇ ਸੰਘਰਸ਼ ਨੂੰ ਜਾਬਰ ਕੌਮ ਦੀ ਪਰੋਲੇਤਾਰੀ ਜਮਾਤ ਦੀ ਸਮਾਜਵਾਦੀ ਇਨਕਲਾਬ ਦੀ ਲੜਾਈ ਨਾਲ ਆਪਣੇ-ਆਪ ਨੂੰ ਜੋੜਣਾ ਹੋਵੇਗਾ।

ਕੀ ਇੱਥੇ ਕੋਈ ਨਵੀਂ ਗੱਲ ਕਹੀ ਗਈ ਹੈ? ਨਹੀਂ! ਇਹ ਗੱਲ ਲੈਨਿਨ ਅਤੇ ਸਤਾਲਿਨ ਨੇ ਲਗਭਗ ਇੱਕ ਸਦੀ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਸਾਮਰਾਜਵਾਦ ਦੇ ਯੁੱਗ ‘ਚ ਕੌਮੀ ਅਜਾਦੀ ਦਾ ਹੱਕ ਦੇਣ ਦੀ ਸਮਰੱਥਾ ਜਾਬਰ ਕੌਮਾਂ ਦੀਆਂ ਹਾਕਮ ਜਮਾਤਾਂ ਗੁਆ ਚੁੱਕੀਆਂ ਹਨ। ਅਸੀਂ ‘ਪ੍ਰਤੀਬੱਧ-ਲਲਕਾਰ’ ਗਰੁੱਪ ਦੀ ਕੌਮਵਾਦੀ ਪੋਜੀਸ਼ਨ ਦੀ ਅਲੋਚਨਾ ਪੇਸ਼ ਕਰਨ ਵਾਲੇ ਆਪਣੇ ਨਵੀਨਤਮ ਲੇਖ ‘ਚ ਵੀ ਇਸੇ ਗੱਲ ਨੂੰ ਵਾਰ-ਵਾਰ ਸਪਸ਼ਟ ਕੀਤਾ ਹੈ ਕਿ ਭਾਰਤ ਦੀ ਸਰਮਾਏਦਾਰ ਜਮਾਤ ਕਸ਼ਮੀਰ ਅਤੇ ਉੱਤਰ-ਪੂਰਬ ਦੀਆਂ ਪਸਿੱਤੀਆਂ ਕੌਮਾਂ ਨੂੰ ਅਜਾਦੀ ਦਾ ਹੱਕ ਨਹੀਂ ਦੇਵੇਗੀ।

ਕੀ ਇਸਦਾ ਮਤਲਬ ਇਹ ਹੈ ਕਿ ਕਸ਼ਮੀਰ ਅਤੇ ਉੱਤਰ-ਪੂਰਬ ਦੇ ਰਾਜਾਂ ਚ ਸਿੱਧਾ ਸਮਾਜਵਾਦੀ ਇਨਕਲਾਬ ਦਾ ਪੜਾਅ ਹੈ? ਨਹੀਂ! ਇਸਦਾ ਸਿਰਫ਼ ਇਹ ਮਤਲਬ ਹੈ ਕਿ ਇਸ ਗੱਲ ਦੀ ਗੁੰਜਾਇਸ਼ ਬਹੁਤ ਘੱਟ ਹੈ ਕਿ ਭਾਰਤ ‘ਚ ਸਮਾਜਵਾਦੀ ਇਨਕਲਾਬ ਤੋਂ ਬਿਨਾਂ ਇਨ੍ਹਾਂ ਪਸਿੱਤੀਆਂ ਕੌਮਾਂ ਦੀ ਕੌਮੀ ਅਜਾਦੀ ਦੀ ਲੜਾਈ ਕਾਮਯਾਬ ਹੋ ਸਕੇ। ਯਕੀਨੀ ਤੌਰ ‘ਤੇ ਉਹ ਹਾਰੀ ਵੀ ਨਹੀਂ ਜਾਵੇਗੀ। ਦੇਖੋ ਅਸੀਂ ‘ਆਹ੍ਵਾਨ’ ਦੇ ਇਸ ਲੇਖ ‘ਚ 2009 ‘ਚ ਕੀ ਲਿਖਿਆ ਸੀ: “ਸਾਫ਼ ਹੈ ਕਿ ਇਸ ਵਾਰ ਕਸ਼ਮੀਰ ਦਾ ਉਭਾਰ ਇੱਕ ਇੰਤੀਫਾਦਾ ਜਾਂ ਲੋਕਵਿਦਰੋਹ ਦਾ ਰੂਪ ਲੈਕੇ ਸਾਹਮਣੇ ਆਇਆ ਹੈ। ਜੇਕਰ ਇਹ ਭਾਰਤੀ ਫੌਜੀ ਜਬਰ ਤੋਂ ਜਿੱਤ ਨਹੀਂ ਸਕਦਾ ਤਾਂ ਭਾਰਤੀ ਫੌਜੀ ਜਬਰ ਇਸਨੂੰ ਹਰਾ ਵੀ ਨਹੀਂ ਸਕਦਾ।”

ਇਸੇ ਤਰ੍ਹਾਂ ‘ਮਜ਼ਦੂਰ ਬਿਗੁਲ’ ਦੇ ਲੇਖ ‘ਚ ਜੋ ਕਿਹਾ ਗਿਆ ਹੈ ਉਹ ਇਹ ਹੈ: “ਸਾਮਰਾਜਵਾਦ ਦੇ ਦੌਰ ‘ਚ ਸਰਮਾਏਦਾਰ ਜਮਾਤ ਪਸਿੱਤੀਆਂ ਕੌਮੀਅਤਾਂ ਨੂੰ ਆਪਾ-ਨਿਰਣੇ ਦਾ ਹੱਕ ਦੇਣ ਦੀ ਸਮਰੱਥਾ ਗੁਆ ਚੁੱਕੀ ਹੈ। ਅਸਲ ‘ਚ, ਅੱਜ ਸਰਮਾਏਦਾਰ ਜਮਾਤ ਕੌਮੀ ਸਵਾਲ ਨੂੰ ਹੱਲ ਕਰ ਹੀ ਨਹੀਂ ਸਕਦੀ ਹੈ। ਇੱਕ ਸਮਾਜਵਾਦੀ ਰਾਜ ਹੀ ਕੌਮਾਂ ਨੂੰ ਅਸਲ ‘ਚ ਆਪਾ-ਨਿਰਣੇ ਦਾ ਹੱਕ ਦੇ ਸਕਦਾ ਹੈ ਅਤੇ ਕੌਮੀ ਜਬਰ ਦਾ ਪੂਰੀ ਤਰ੍ਹਾਂ ਫਸਤਾ ਵੱਢ ਸਕਦਾ ਹੈ।”

ਇਹ ਹੂਬਹੂ ਉਹੀ ਗੱਲ ਹੈ, ਜਿਸਨੂੰ ਲੈਨਿਨ ਅਤੇ ਸਤਾਲਿਨ ਨੇ ਅਤੇ ਮਗਰੋਂ ਕੇਪੇਕਾਇਆ ਨੇ ਕਿਹਾ ਸੀ। ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ।

ਕੀ ਇਸਦਾ ਇਹ ਮਤਲਬ ਹੈ ਕਿ ਲੈਨਿਨ ਅਤੇ ਸਤਾਲਿਨ ਅਤੇ ਕੇਪੇਕਾਇਆ ਇਹ ਟਰਾਟਸਕੀਪੰਥੀ ਲੀਹ ਦੇ ਰਹੇ ਸੀ ਕਿ ਪਸਿੱਤੀਆਂ ਕੌਮਾਂ ਚ ਸਾਮਰਾਜਵਾਦ ਦੇ ਯੁੱਗ ਚ ਕੌਮੀ ਅਜਾਦੀ ਦਾ ਸਵਾਲ ਸਿੱਧਾ ਸਮਾਜਵਾਦੀ ਇਨਕਲਾਬ ਰਾਹੀਂ ਹੱਲ ਹੋਵੇਗਾ? ਕੀ ਇਸਦਾ ਇਹ ਮਤਲਬ ਹੈ ਕਿ ਅਸੀਂ ਕਸ਼ਮੀਰ ਅਤੇ ਉੱਤਰ-ਪੂਰਬ ਚ ਅਜਾਦੀ ਦੀ ਲੜਾਈ ਦਾ ਵਿਰੋਧ ਕਰਦੇ ਹਾਂ? ਨਹੀਂ! ਇਸਦਾ ਸਿਰਫ਼ ਇਹ ਮਤਲਬ ਹੈ ਕਿ ਅਸੀਂ ਅੱਜ ਦੇ ਯੁੱਗ ਚ ਕੌਮੀ ਅਜਾਦੀ ਦੀਆਂ ਸਾਰੀਆਂ ਲੜਾਈਆਂ ਦੇ ਸੰਬੰਧ ਚ ਇੱਕ ਇਤਿਹਾਸਕ ਮੁੱਲਾਂਕਣ ਪੇਸ਼ ਕਰ ਰਹੇ ਹਾਂ। ਅਸੀਂ ਇਨ੍ਹਾਂ ਕੌਮਾਂ ਚ ਇਨਕਲਾਬ ਦਾ ਪੜਾਅ ਜਾਂ ਪ੍ਰੋਗਰਾਮ ਨਹੀਂ ਦੱਸ ਰਹੇ ਹਾਂ।

ਜਾਹਰ ਹੈ ਕਿ ‘ਪ੍ਰਤੀਬੱਧ-ਲਲਕਾਰ’ ਗਰੁੱਪ ਦੀ ਤਰਫੋਂ ਸਾਡੇ ‘ਤੇ ਟਿੱਪਣੀ ਵਾਲੀ ਪੋਸਟ ਪਾਉਣ ਵਾਲੀ ਕੌਮਵਾਦੀ ਬੀਬੀ (http://m.facebook.com/story.php?story_fbid=1230091930682469&id=100010450213316) ਨੇ ਪਿਛਲੇ ਗਿਆਰਾਂ ਸਾਲ ਦੇ ‘ਆਹ੍ਵਾਨ’ ਅਤੇ ‘ਮਜ਼ਦੂਰ ਬਿਗੁਲ’ ਦੇ ਅੰਕਾਂ ‘ਚ ਛਪੇ ਲੇਖਾਂ ਦੀ ਜੋ ਪੁਰਾਤੱਤਵੀ ਖੁਦਾਈ ਕੀਤੀ ਹੈ, ਉਸ ਚੋਂ ਨਿੱਕਲੇ ਲੇਖਾਂ ਨੂੰ ਵੀ ਉਹ ਸਮਝ ਨਹੀਂ ਪਾਈ ਹੈ! ਸਾਨੂੰ ਕੋਈ ਹੈਰਾਨੀ ਵੀ ਨਹੀਂ ਹੈ। ਕਿਉਂਕਿ ਜਦ ਇਸ ਗਰੁੱਪ ਦੀ ਲੀਡਰਸ਼ਿਪ ਨੂੰ ਹੀ ਇਹ ਸਿੱਧੀ-ਸਪਸ਼ਟ ਜਿਹੀ ਗੱਲ ਸਮਝ ਨਹੀਂ ਆਉਂਦੀ ਹੈ, ਤਾਂ ਅਸੀਂ ਇਸ ਬੀਬੀ ਨੂੰ ਕੋਈ ਦੋਸ਼ ਨਹੀਂ ਦੇਵਾਂਗੇ।

ਇਹ ਗੱਲਾਂ ਕੀ ਨੇ ਜੋ ਸਾਡੇ ਕੌਮਵਾਦੀ ਸੱਜਣਾਂ ਦੇ ਸਿਰ ਉੱਪਰ ਦੀ ਬਾਉਂਸਰ ਵਾਂਗ ਨਿੱਕਲ ਰਹੀਆਂ ਹਨ? ਇਹ ਹਨ:

1) ਇਤਿਹਾਸਕ ਮੁੱਲਾਂਕਣ ਅਤੇ ਸਿਆਸੀ ਪ੍ਰੋਗਰਾਮ ਇੱਕੋ ਚੀਜ਼ ਨਹੀਂ ਹਨ। ਇਹ ਕਹਿਣ ਦਾ, ਕਿ ਸਾਮਰਾਜਵਾਦ ਦੇ ਯੁੱਗ ਚ ਹਾਕਮ ਸਰਮਾਏਦਾਰ ਜਮਾਤ ਪਸਿੱਤੀਆਂ ਕੌਮਾਂ ਨੂੰ ਕੌਮੀ ਅਜਾਦੀ ਦਾ ਹੱਕ ਨਹੀਂ ਦੇਵੇਗੀ ਅਤੇ ਸਿਰਫ਼ ਸਮਾਜਵਾਦੀ ਸੱਤਾ ਹੀ ਇਹ ਹੱਕ ਦੇਵੇਗੀ, ਇਹ ਮਤਲਬ ਕੋਈ ਮੂਰਖ ਹੀ ਕੱਢ ਸਕਦਾ ਹੈ ਕਿ ਕੌਮੀ ਆਪਾ-ਨਿਰਣੇ ਦੇ ਹੱਕ ਦੀ ਅਤੇ ਕੌਮੀ ਅਜਾਦੀ ਦੀ ਲੜਾਈ ਜਾਬਰ ਕੌਮ ਚ ਸਮਾਜਵਾਦੀ ਇਨਕਲਾਬ ਆਉਣ ਤੱਕ ਮੁਲਤਵੀ ਕਰ ਦਿੱਤੀ ਜਾਵੇ, ਜਾਂ ਉਨ੍ਹਾਂ ਦੀ ਹਮਾਇਤ ਨਾ ਕੀਤੀ ਜਾਵੇ। ਮਿਸਾਲ ਵਜੋਂ, ਅਸੀਂ ਮਾਰਕਸਵਾਦੀਆਂ ਦੇ ਤੌਰ ਤੇ ਜਾਣਦੇ ਹਾਂ ਕਿ ਸਰਮਾਏਦਾਰਾ ਢਾਂਚੇ ਅਧੀਨ ਮੁਕੰਮਲ ਰੁਜ਼ਗਾਰ ਅਸੰਭਵ ਹੈ, ਪਰ ਫੇਰ ਵੀ ਅਸੀਂ ਰੁਜ਼ਗਾਰ ਦਾ ਸਰਬ-ਵਿਆਪੀ ਹੱਕ ਮੰਗਦੇ ਹਾਂ। ਇਨ੍ਹਾਂ ਚੋਂ ਇੱਕ ਇਤਿਹਾਸਕ ਮੁੱਲਾਂਕਣ ਹੈ ਅਤੇ ਦੂਜਾ ਸਿਆਸੀ ਪ੍ਰੋਗਰਾਮ। ਪਰ ਐਨੀ ਸਿੱਧੀ-ਸਪਸ਼ਟ ਜਿਹੀ ਗੱਲ ਸਾਡੇ ਟ੍ਰਾਟ-ਬੁੰਦਵਾਦੀਆਂ ਦੇ ਉੱਪਰਲੇ ਖਾਲੀ ਕਮਰੇ ਦੀ ਇੱਕ ਖਿੜਕੀ ਰਾਹੀਂ ਘੁਸਦੀ ਹੈ ਅਤੇ ਪਰਲੀ ਖਿੜਕੀ ਚੋਂ ਬਾਹਰ ਨਿੱਕਲ ਜਾਂਦੀ ਹੈ!

2) ਜਾਬਰ ਕੌਮ ਚ ਇਨਕਲਾਬ ਦਾ ਪੜਾਅ ਕੀ ਹੈ, ਇਸ ਨਾਲ ਪਸਿੱਤੀ ਕੌਮ ਦੇ ਇਨਕਲਾਬ ਦਾ ਪੜਾਅ ਨਹੀਂ ਤੈਅ ਹੁੰਦਾ। ਜਾਬਰ ਕੌਮ ਚ ਜੇਕਰ ਸਮਾਜਵਾਦੀ ਇਨਕਲਾਬ ਦਾ ਪੜਾਅ ਹੈ ਤਾਂ ਵੀ ਕਿਸੇ ਪਸਿੱਤੀ ਕੌਮ ਚ ਪਹਿਲਾ ਫੌਰੀ ਸਵਾਲ ਕੌਮੀ ਜਮਹੂਰੀ ਇਨਕਲਾਬ ਦਾ ਹੀ ਹੋਵੇਗਾ, ਭਾਵੇਂ ਸਰਮਾਏਦਾਰਾ ਸੰਬੰਧਾਂ ਦੀ ਮੌਜੂਦਗੀ ਚ ਕੌਮੀ ਜਮਹੂਰੀ ਕਾਰਜ ਨੇਪਰੇ ਚੜ੍ਹਣ ਦੇ ਕੁਝ ਹੀ ਸਮੇਂ ਬਾਅਦ ਸਮਾਜਵਾਦੀ ਇਨਕਲਾਬ ਦਾ ਪੜਾਅ ਹੀ ਕਿਉਂ ਨਾ ਆ ਜਾਵੇ। ਇਸ ਗੱਲ ਨੂੰ ਨਾ ਸਮਝ ਸਕਣਾ ਵੀ ਵਿਖਾਉਂਦਾ ਹੈ ਕਿ ਸਾਡੇ ਟ੍ਰਾਟ-ਬੁੰਦਵਾਦੀਆਂ ਦਾ ਮਾਨਸਿਕ ਸੰਤੁਲਨ ਗੜਬੜਾ ਚੁੱਕਿਆ ਹੈ।

ਇਹ ਗੱਲ ਲੈਨਿਨ ਅਤੇ ਸਤਾਲਿਨ ਦੇ ਸਮੇਂ ਤੋਂ ਹੀ ਸਾਰੇ ਕਮਿਊਨਿਸਟ ਜਾਣਦੇ ਹਨ ਕਿ ਪਸਿੱਤੀਆਂ ਕੌਮਾਂ ਦੇ ਕਮਿਊਨਿਸਟਾਂ ਦਾ ਇਹ ਫਰਜ਼ ਹੈ ਕਿ ਉਹ ਆਪਣੀ ਕੌਮ ਦੀ ਪਰੋਲੇਤਾਰੀ ਜਮਾਤ ਅਤੇ ਜਾਬਰ ਕੌਮ ਦੀ ਪਰੋਲੇਤਾਰੀ ਜਮਾਤ ਵਿਚਕਾਰ ਏਕਤਾ ਕਾਇਮ ਕਰਨ ਅਤੇ ਬੁਰਜੂਆ ਕੌਮਵਾਦ ਦੀ ਚੁੰਗਲ ਤੋਂ ਉਨ੍ਹਾਂ ਨੂੰ ਬਚਾਉਣ; ਪਸਿੱਤੀ ਕੌਮ ਦੇ ਕਮਿਊਨਿਸਟਾਂ ਦਾ ਇਹ ਫਰਜ਼ ਵੀ ਲੈਨਿਨ ਅਤੇ ਸਤਾਲਿਨ ਦੇ ਸਮੇਂ ਤੋਂ ਹੀ ਇੱਕ ਸਰਬ-ਸਵੀਕਾਰਤ ਗੱਲ਼ ਹੈ ਕਿ ਉਨ੍ਹਾਂ ਨੂੰ ਆਪਣੀ ਪਸਿੱਤੀ ਕੌਮ ਦੀ ਕੌਮੀ ਜਮਹੂਰੀ ਇਨਕਲਾਬ ਦੀ ਲੜਾਈ ਨੂੰ ਜਾਬਰ ਕੌਮ ਦੀ ਪਰੋਲੇਤਾਰੀ ਜਮਾਤ ਦੀ ਸਮਾਜਵਾਦੀ ਇਨਕਲਾਬ ਦੀ ਲੜਾਈ ਦੇ ਆਹਮਣੇ-ਸਾਹਮਣੇ ਨਹੀਂ, ਸਗੋਂ ਉਸਦੇ ਨਾਲ ਜੋੜਣਾ ਚਾਹੀਦਾ ਹੈ।

ਇਨ੍ਹਾਂ ਸਾਰੀਆਂ ਗੱਲਾਂ ਦਾ ਸਿਰਫ਼ ਐਨਾ ਹੀ ਮਤਲਬ ਹੈ ਕਿ ਪਸਿੱਤੀ ਕੌਮ ਦੀ ਕੌਮੀ ਜਮਹੂਰੀ ਇਨਕਲਾਬ ਦੀ ਲੜਾਈ ਚ ਦੁਸ਼ਮਣ ਅਤੇ ਜਾਬਰ ਕੌਮ ਦੀ ਪਰੋਲੇਤਾਰੀ ਜਮਾਤ ਦੀ ਸਮਾਜਵਾਦੀ ਇਨਕਲਾਬ ਦੀ ਲੜਾਈ ਚ ਦੁਸ਼ਮਣ ਇੱਕ ਹੀ ਹੈ। ਪਸਿੱਤੀ ਕੌਮ ਦੇ ਕੌਮੀ ਜਮਹੂਰੀ ਇਨਕਲਾਬ ਅਤੇ ਜਾਬਰ ਕੌਮ ਦੇ ਪਰੋਲੇਤਾਰੀ ਸਮਾਜਵਾਦੀ ਇਨਕਲਾਬ ਵਿਚਕਾਰ ਇੱਕ ਮੋਰਚਾ ਹੈ, ਕਿਉਂਕਿ ਦੋਹਾਂ ਦਾ ਦੁਸ਼ਮਣ ਸਾਂਝਾ ਹੈ: ਜਾਬਰ ਕੌਮ ਦੀ ਸਰਮਾਏਦਾਰ ਜਮਾਤ।

ਹੁਣ ਭਿਆਨਕ ਦਿਮਾਗੀ ਗੱਡਮੱਡ ਦਾ ਸ਼ਿਕਾਰ ਕੋਈ ਵਿਅਕਤੀ ਹੀ ਇਸਦਾ ਇਹ ਮਤਲਬ ਕੱਢ ਸਕਦਾ ਹੈ ਕਿ ਇੱਥੇ ਲੈਨਿਨ ਅਤੇ ਸਤਾਲਿਨ ਇਹ ਕਹਿ ਰਹੇ ਹਨ ਕਿ ਜਾਬਰ ਕੌਮ ‘ਚ ਸਮਾਜਵਾਦੀ ਇਨਕਲਾਬ ਦਾ ਪੜਾਅ ਹੈ ਅਤੇ ਕਿਉਂਕਿ ਇਸ ਇਨਕਲਾਬ ਤੋਂ ਬਾਅਦ ਹੀ ਪਸਿੱਤੀ ਕੌਮ ਨੂੰ ਕੌਮੀ ਆਪਾ-ਨਿਰਣੇ ਦਾ ਹੱਕ ਮਿਲਣ ਦੀ ਵਧੇਰੇ ਸੰਭਾਵਨਾ ਹੈ, ਇਸ ਲਈ ਪਸਿੱਤੀ ਕੌਮ ‘ਚ ਵੀ ਸਮਾਜਵਾਦੀ ਇਨਕਲਾਬ ਦਾ ਪੜਾਅ ਹੈ! ਇਸ ਨਾਲੋਂ ਜਿਆਦਾ ਮੂਰਖਤਾਪੂਰਨ ਗੱਲ ਹੋਰ ਕੋਈ ਨਹੀਂ ਹੋ ਸਕਦੀ। ਇਸਦੀ ਅਲੋਚਨਾ ਅਸੀਂ ਤਫ਼ਸੀਲ ‘ਚ ਇੱਥੇ ਪੇਸ਼ ਕਰ ਚੁੱਕੇ ਹਾਂ:

http://ahwanmag.com/archives/7594

ਮੂਲ ਤਰਕ ਸਹੀ ਹੋਣ ਦੇ ਬਾਵਜੂਦ, ‘ਆਹ੍ਵਾਨ’ ਦੀ ਇਸ ਗਿਆਰਾਂ ਸਾਲ ਪੁਰਾਣੀ ਟਿੱਪਣੀ ਦੇ ਇੱਕ ਵਾਕ ‘ਚ ਅਸੰਤੁਲਨ ਜ਼ਰੂਰ ਹੈ। ਇਸਨੇ ਕਸ਼ਮੀਰ ਨੂੰ ਭਾਰਤ ‘ਚ ਸਮਾਜਵਾਦੀ ਇਨਕਲਾਬ ਤੋਂ ਪਹਿਲਾਂ ਅਜਾਦੀ ਮਿਲਣ ਦੀ ਅਸੰਭਾਵਿਕਤਾ ਨੂੰ ਅਜਾਦੀ ਦੀ ਮੰਗ ਦਾ ਭਵਿੱਖ ਨਾ ਹੋਣਾ ਕਿਹਾ ਹੈ। ਇਹ ਯਕੀਨੀ ਤੌਰ ‘ਤੇ ਇੱਕ ਅਸੰਤੁਲਿਤ ਗੱਲ ਸੀ ਅਤੇ ਇੱਕ ਅਸਾਵਧਾਨ ਗੜਬੜੀ ਸੀ, ਕਿਉਂਕਿ ਉਸ ਲੇਖ ਦਾ ਮੂਲ ਤਰਕ ਇਹ ਸੀਗਾ ਹੀ ਨਹੀਂ ਸਗੋਂ ਇਹ ਸੀ ਕਿ ਭਾਰਤ ਚ ਸਮਾਜਵਾਦੀ ਇਨਕਲਾਬ ਤੋਂ ਪਹਿਲਾਂ ਅਜਾਦੀ ਦੀ ਲੜਾਈ ਜਿੱਤੀ ਨਹੀਂ ਜਾ ਸਕਦੀ ਹੈ। ਇਸਦੇ ਨਾਲ ਹੀ, ਇਹ ਵੀ ਭਾਰਤ ਦੇ ਇਨਕਲਾਬੀਆਂ ਲਈ ਇੱਕ ਜ਼ਮੀਨੀ ਮੁੱਲਾਂਕਣ ਦਾ ਮੁੱਦਾ ਹੋ ਸਕਦਾ ਹੈ ਕਿ ਜੇਕਰ ਭਾਰਤ ‘ਚ ਸਰਮਾਏਦਾਰੀ ਦੇ ਰਹਿੰਦਿਆਂ ਕਸ਼ਮੀਰ ਅਜਾਦ ਹੋ ਵੀ ਗਿਆ (ਜਿਸਦੀ ਸੰਭਾਵਨਾ ਬਹੁਤ ਹੀ ਘੱਟ ਹੈ), ਤਾਂ ਉਹ ਭਾਰਤ ਜਾਂ ਪਾਕਿਸਤਾਨ ਦਾ ਸੈਟੇਲਾਈਟ ਸਟੇਟ ਬਣੇਗਾ, ਪਰ ਇਹ ਅਜਾਦੀ ਦੇ ਹੱਕ ‘ਤੇ ਪੋਜੀਸ਼ਨ ਚੁਣਨ ਦਾ ਕੋਈ ਮੁੱਦਾ ਨਹੀਂ ਹੈ। ਪਰ ਗਿਆਰਾਂ ਸਾਲ ਪੁਰਾਣੇ ‘ਆਹ੍ਵਾਨ’ ਚ ਕਸ਼ਮੀਰ ਦੇ ਉਸ ਸਮੇਂ ਦੇ ਹਲਾਤਾਂ ਤੇ ਛਪੀ ਇੱਕ ਟਿੱਪਣੀ ਚ ਮੌਜੂਦ ਇਨ੍ਹਾਂ ਅਸੰਤੁਲਨਾਂ ਨੂੰ ਅੱਜ ਸਾਡੀ ਜੱਥੇਬੰਦੀ ਦੀ ਪੋਜੀਸ਼ਨ ਵਜੋਂ ਪੇਸ਼ ਕਰਨਾ ਅਤੇ ਅੱਜ ਸਾਡੇ ਵੱਲੋਂ ਬਕਾਇਦਾ ਕੌਮੀ ਸਵਾਲ ਤੇ ਪੇਸ਼ ਪੋਜੀਸ਼ਨ ਪੇਪਰ ਦਾ ਅਤੇ ‘ਪ੍ਰਤੀਬੱਧ-ਲਲਕਾਰ’ ਗਰੁੱਪ ਦੀ ਸਾਡੇ ਵੱਲੋਂ ਕੀਤੀ ਅਲੋਚਨਾ ਦਾ ਜਵਾਬ ਦੇਣ ਤੋਂ ਭੱਜਣਾ ਕੀ ਦੱਸਦਾ ਹੈ? ਇਹ ਕਿ ਇਸ ਗਰੁੱਪ ਦੀ ਲੀਡਰਸ਼ਿਪ ਚ ਬੁਨਿਆਦੀ ਬੌਧਿਕ ਜਿਗਰਾ, ਨੈਤਿਕਤਾ ਅਤੇ ਇਮਾਨਦਾਰੀ ਵੀ ਨਹੀਂ ਹੈ ਅਤੇ ਬੁਜ਼ਦਿਲੀ, ਭਗੋੜੇਪਣ ਅਤੇ ਮੌਕਾਪ੍ਰਸਤੀ ਦੇ ਪੱਧਰ ਤੱਕ ਡਿੱਗ ਚੁੱਕੀ ਹੈ! ਦੂਜੀ ਗੱਲ, ‘ਪ੍ਰਤੀਬੱਧ-ਲਲਕਾਰ’ ਗਰੁੱਪ ਦੀ ਲੀਡਰਸ਼ਿਪ ਤਾਂ 2010 ‘ਚ ‘ਆਹ੍ਵਾਨ’ ਦੇ ਨਾਲ ਹੀ ਸੀ! ਉਸ ਸਮੇਂ ਕਿਸੇ ਵੀ ਟਿੱਪਣੀ ‘ਚ ਗਈ ਕਿਸੇ ਅਸੰਤੁਲਿਤ ਗੱਲ ਲਈ ਉਹ ਵੀ ਉੱਨੀ ਹੀ ਜਿੰਮੇਵਾਰ ਹੈ! 2010 ਤੋਂ 2019 ਤੱਕ ਸੁਖਵਿੰਦਰ ਇਸ ਸਵਾਲ ‘ਤੇ ਕੀ ਕਰ ਰਿਹਾ ਸੀ?!

ਪਰ ਇਹ ਮੁੱਖ ਗੱਲ ਨਹੀਂ ਹੈ, ਮੁੱਖ ਗੱਲ ਇਹ ਹੈ ਕਿ ਇਸ ਲੇਖ ‘ਚ ਉਪਰੋਕਤ ਅਸੰਤੁਲਿਤ ਗੱਲਾਂ ਨੂੰ ਛੱਡਕੇ ਬੁਨਿਆਦੀ ਗੱਲ ਸਹੀ ਹੈ, ਮਤਲਬ ਇਹ, ਕਿ ਭਾਰਤ ‘ਚ ਸਮਾਜਵਾਦੀ ਇਨਕਲਾਬ ਹੋਏ ਬਗੈਰ, ਕਸ਼ਮੀਰ ਅਤੇ ਉੱਤਰ-ਪੂਰਬ ਦੀਆਂ ਪਸਿੱਤੀਆਂ ਕੌਮਾਂ ਨੂੰ ਅਜਾਦੀ ਮਿਲਣ ਦੀ ਸੰਭਾਵਨਾ ਬਹੁਤ ਘੱਟ ਸੀ। ਦੇਖੋ ‘ਆਹ੍ਵਾਨ’ ਦੇ ਗਿਆਰਾਂ ਸਾਲ ਪੁਰਾਣੇ ਇਸ ਲੇਖ ‘ਚ ਕੀ ਲਿਖਿਆ ਗਿਆ ਹੈ: “ਭਾਰਤੀ ਸੰਘ ‘ਚ ਕੌਮੀਅਤ ਦੇ ਸਵਾਲ ਜਿੱਥੇ-ਜਿੱਥੇ ਮੌਜੂਦ ਹਨ, ਉਨ੍ਹਾਂ ਦਾ ਹੱਲ ਇੱਕ ਸਮਾਜਵਾਦੀ ਰਾਜ ਦੇ ਤਹਿਤ ਹੀ ਹੋ ਸਕਦਾ ਹੈ, ਜੋ ਇਨ੍ਹਾਂ ਇਲਾਕਿਆਂ ਨੂੰ ਅਲਗਾਓਗ੍ਰਸਤ ਕਰਕੇ ਜਬਰ ਦੇ ਸ਼ਿਕੰਜੇ ‘ਚ ਨਾ ਰੱਖੇ। ਅੱਜ ਤੋਂ ਹੀ ਇਨ੍ਹਾਂ ਕੌਮੀਅਤਾਂ ਦੀ ਕਿਰਤੀ ਅਵਾਮ ਅਤੇ ਨੌਜਵਾਨਾਂ ਦਰਮਿਆਨ ਇਨਕਲਾਬੀ ਤਾਕਤਾਂ ਨੂੰ ਕੰਮ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਸੁਚੇਤ ਬਣਾਉਂਦੇ ਹੋਏ ਸਮੁੱਚੇ ਢਾਂਚੇ ਦੀ ਤਬਦੀਲੀ ਦੀ ਲੜਾਈ ਦਾ ਇੱਕ ਅੰਗ ਬਣਾਉਣਾ ਹੋਵੇਗਾ। ਉਨ੍ਹਾਂ ਦਾ ਇਸ ਪ੍ਰਕਿਰਿਆ ‘ਚ ਹੀ ਇਹ ਭਰੋਸਾ ਬਣੇਗਾ ਅਤੇ ਉਨ੍ਹਾਂ ਨੂੰ ਇਹ ਸਮਝ ਆਵੇਗਾ ਕਿ ਆਪਾ-ਨਿਰਣੇ ਦਾ ਹੱਕ ਉਨ੍ਹਾਂ ਨੂੰ ਤਦ ਹੀ ਮਿਲ ਸਕਦਾ ਹੈ, ਜਦ ਭਾਰਤੀ ਸਰਮਾਏਦਾਰਾ ਰਾਜ ਨੂੰ ਉਖਾੜ ਸੁੱਟਿਆ ਜਾਵੇ ਅਤੇ ਇੱਕ ਕਿਰਤੀ ਸੱਤਾ ਦੀ ਸਥਾਪਨਾ ਕੀਤੀ ਜਾਵੇ, ਜਿਸ ਵਿੱਚ ਪੈਦਾਵਾਰ, ਰਾਜ-ਕਾਜ ਅਤੇ ਸਮਾਜ ਦੇ ਢਾਂਚੇ ‘ਤੇ ਪੈਦਾਵਾਰ ਕਰਨ ਵਾਲੀਆਂ ਜਮਾਤਾਂ ਦਾ ਹੱਕ ਹੋਵੇ। ਇਨਕਲਾਬੀ ਸੰਘਰਸ਼ ‘ਚ ਇਨ੍ਹਾਂ ਰਾਜਾਂ ਦੀ ਲੋਕਾਈ ਦਾ ਸਾਥ ਅਤੇ ਹਿੱਸੇਦਾਰੀ ਹੀ ਇਸ ਗੱਲ ਨੂੰ ਵੀ ਯਕੀਨੀ ਬਣਾਵੇਗੀ ਕਿ ਇਨ੍ਹਾਂ ਪਸਿੱਤੀਆਂ ਕੌਮੀਅਤਾਂ ਨੂੰ ਆਪਣੇ ਆਪਾ-ਨਿਰਣੇ ਅਤੇ ਆਪਣਾ ਭਵਿੱਖ ਤੈਅ ਕਰਨ ਦਾ ਹੱਕ ਮਿਲੇ…

ਲੈਨਿਨ ਨੇ ਠੀਕ ਇਹੀ ਗੱਲ ਉਕਰੇਣ, ਜਾਰਜੀਆ, ਆਰਮੀਨੀਆ, ਅਜਰਬੈਜਾਨ, ਪੋਲੈਂਡ, ਫਿਨਲੈਂਡ, ਆਦਿ ਰੂਸੀ ਸਾਮਰਾਜ ਦੀਆਂ ਸਾਰੀਆਂ ਪਸਿੱਤੀਆਂ ਕੌਮਾਂ ਬਾਰੇ ਕਹੀ ਸੀ। ਲੈਨਿਨ ਨੇ ਵੀ ਇਹ ਕਿਹਾ ਸੀ ਕਿ ਸਿਰਫ਼ ਰੂਸ ‘ਚ ਸਮਾਜਵਾਦੀ ਇਨਕਲਾਬ ਤੋਂ ਬਾਅਦ ਇਨ੍ਹਾਂ ਕੌਮਾਂ ਨੂੰ ਕੌਮੀ ਆਪਾ-ਨਿਰਣੇ ਦਾ ਹੱਕ ਮਿਲਣ ਤੋਂ ਬਾਅਦ ਹੀ ਇਸ ਗੱਲ ਦੀ ਸੰਭਾਵਨਾ ਪੈਦਾ ਹੋਵੇਗੀ ਕਿ ਸਮਾਂ ਬੀਤਣ ਨਾਲ ਇੱਕ ਸਵੈਇੱਛਤ ਯੂਨੀਅਨ ਹੋਂਦ ‘ਚ ਆਵੇ ਜਿਸ ਵਿੱਚ ਕਿ ਵੱਖ-ਵੱਖ ਕੌਮਾਂ ਬਰਾਬਰੀ ਅਤੇ ਸਵੈਇੱਛਾ ਨਾਲ ਸ਼ਾਮਲ ਹੋਣ, ਕਿਉਂਕਿ ਕੌਮੀ ਜਬਰ ਦਾ ਅਧਾਰ ਹੀ ਖ਼ਤਮ ਹੋ ਚੁੱਕਿਆ ਹੋਵੇਗਾ।

ਇਸਦਾ ਇਹ ਮਤਲਬ ਨਹੀਂ ਸੀ ਕਿ ਲੈਨਿਨ ਇਨ੍ਹਾਂ ਕੌਮਾਂ ਨੂੰ ਸਿੱਧਾ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਮੰਨਦੇ ਸਨ ਅਤੇ ਉਨ੍ਹਾਂ ਦੇ ਕੌਮੀ ਜਮਹੂਰੀ ਇਨਕਲਾਬ ਦੇ ਕਾਰਜ ਦੀ ਹਮਾਇਤ ਨਹੀਂ ਕਰਦੇ ਸਨ। ‘ਆਹ੍ਵਾਨ’ ਦੇ ਇਸ ਲੇਖ ‘ਚ ਉੱਪਰ ਚਰਚਾ ਕੀਤੀਆਂ ਦੋ ਅਸੰਤੁਲਿਤ ਗੱਲਾਂ ਦੇ ਬਾਵਜੂਦ ਬੁਨਿਆਦੀ ਲਾਈਨ ਇਹੀ ਹੈ, ਜਿਸਨੂੰ ਉਪਰੋਕਤ ਲੰਬੀ ਟੂਕ ਰਾਹੀਂ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ। ਗਿਆਰਾਂ ਸਾਲ ਪਹਿਲਾਂ ਕੌਮੀ ਸਵਾਲ ‘ਤੇ ਅਸੀਂ ਕੋਈ ਪੋਜੀਸ਼ਨ ਪੇਪਰ ਨਹੀਂ ਪੇਸ਼ ਕੀਤਾ ਸੀ ਅਤੇ ਨਾ ਹੀ ਜੱਥੇਬੰਦੀ ਦਾ ਇਸ ‘ਤੇ ਕੋਈ ਕੇਂਦਰਿਤ ਅਧਿਐਨ ਪੇਸ਼ ਕੀਤਾ ਸੀ, ਸਗੋਂ ਕਸ਼ਮੀਰ ਦੇ ਉਸ ਸਮੇਂ ਦੇ ਹਲਾਤ ‘ਤੇ ਇੱਕ ਟਿੱਪਣੀ ਕੀਤੀ ਗਈ ਸੀ। ਪਰ ਜੋ ਟਿੱਪਣੀ ਵੀ ਪੇਸ਼ ਕੀਤੀ ਗਈ ਸੀ, ਉਸਦੇ ਪੂਰੇ ਮੂਲ ਤਰਕ ਨੂੰ ਪੇਸ਼ ਕਰਨ ਦੀ ਬਜਾਏ, ‘ਪ੍ਰਤੀਬੱਧ-ਲਲਕਾਰ’ ਗਰੁੱਪ ਦੇ ਟ੍ਰਾਟ-ਬੁੰਦਵਾਦੀ ਮੌਕਾਪ੍ਰਸਤੀ ਦੀ ਨੁਮਾਇਸ਼ ਕਰਦੇ ਹੋਏ ਉਸਦੀ ਦੁਰਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂ? ਸਿਰਫ਼ ਇਸ ਲਈ ਤਾਂ ਜੋ ਮੌਜੂਦਾ ਬਹਿਸ ਤੋਂ ਭੱਜ ਸਕਣ! ਬਹੁਤ ਹੀ ਸ਼ਰਮਨਾਕ ਗੱਲ ਹੈ!

ਵੈਸੇ ਤਾਂ ਇਸ ਕੌਮਵਾਦੀ ਬੀਬੀ ਨੇ ਕਸ਼ਮੀਰ ‘ਤੇ ਛਪੇ ‘ਪ੍ਰਤੀਬੱਧ’ ਦੇ ਸਤੰਬਰ 2019 ਦੇ ਜਿਸ ਲੇਖ ਦਾ ਹਵਾਲਾ ਆਪਣੀ ਟ੍ਰਾਟ-ਬੁੰਦਵਾਦੀ ਪੋਜੀਸ਼ਨ ਦਰੁਸਤ ਹੋਣ ਦੇ ਤੌਰ ‘ਤੇ ਦਿੱਤਾ ਹੈ ਉਸ ਵਿੱਚ ਖੁਦ ਇਹ ਗੱਲ ਲਿਖੀ ਗਈ ਹੈ ਕਿ ਕਸ਼ਮੀਰੀ ਕੌਮ ਦੀ ਅਜਾਦੀ ਦਾ ਸੰਘਰਸ਼ ਭਾਰਤ ਦੀਆਂ ਹਾਕਮ ਜਮਾਤਾਂ ਦੇ ਵਿਰੁੱਧ ਮਜ਼ਦੂਰ ਜਮਾਤ ਦੇ ਸੰਘਰਸ਼ ਨਾਲ ਏਕਤਾ ਕਾਇਮ ਕੀਤੇ ਬਿਨਾਂ ਅੱਗੇ ਨਹੀਂ ਵਧ ਸਕਦਾ! ਬੱਸ ਦਿੱਕਤ ਇਹ ਹੈ ਕਿ ਸਾਡੇ ਟ੍ਰਾਟ-ਬੁੰਦਵਾਦੀ ਲੈਨਿਨ ਦੇ ਉਲਟ ਇਸ ਚੋਂ ਇਹ ਨਤੀਜਾ ਕੱਢਦੇ ਨੇ ਕਿ ਪਸਿੱਤੀ ਕੌਮ ‘ਚ ਵੀ ਸਿੱਧਾ ਸਮਾਜਵਾਦੀ ਇਨਕਲਾਬ ਦਾ ਪੜਾਅ ਹੈ, ਜੋ ਕਿ ਮੂਰਖਤਾਪੂਰਨ ਗੱਲ ਹੈ ਅਤੇ ਇਹ ਨਹੀਂ ਸਮਝ ਪਾਉਂਦੇ ਕਿ ਪਸਿੱਤੀਆਂ ਕੌਮਾਂ ਦੇ ਕੌਮੀ ਜਮਹੂਰੀ ਇਨਕਲਾਬ ਦੇ ਸੰਘਰਸ਼ ਅਤੇ ਜਾਬਰ ਕੌਮ ਦੀ ਪਰੋਲੇਤਾਰੀ ਜਮਾਤ ਦੇ ਸਮਾਜਵਾਦੀ ਇਨਕਲਾਬ ਦੇ ਸੰਘਰਸ਼ ਵਿਚਕਾਰ ਇੱਕ ਏਕਾ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਦੁਸ਼ਮਣ ਸਾਂਝਾ ਹੁੰਦਾ ਹੈ, ਯਾਨੀ ਕਿ ਜਾਬਰ ਕੌਮ ਦੀ ਬੁਰਜੂਆਜੀ।

ਦੂਜੀ ਗੱਲ, ਇੱਥੇ ਇਸ ਚਿੱਕੜ-ਉਛਾਲੀ ਦੇ ਚੱਕਰਚ ‘ਪ੍ਰਤੀਬੱਧ-ਲਲਕਾਰ’ ਗਰੁੱਪ ਦੀ ਇਹ ਬੀਬੀ ਫੱਸ ਗਈ ਹੈ। ਹੁਣ ਜੇਕਰ ‘ਪ੍ਰਤੀਬੱਧ-ਲਲਕਾਰ’ ਗਰੁੱਪ ਪੰਜਾਬ ਨੂੰ ਪਸਿੱਤੀ ਕੌਮ ਮੰਨਦਾ ਹੈ, ਤਾਂ ਇਨ੍ਹਾਂ ਨੂੰ ਪੰਜਾਬ ਦੀ ਅਜਾਦੀ ਦੀ ਮੰਗ ਚੁੱਕਣੀ ਚਾਹੀਦੀ ਹੈ ਅਤੇ ਉਸਦੇ ਲਈ ਲੜਾਈ ਛੇੜ ਦੇਣੀ ਚਾਹੀਦੀ ਹੈ! ਕਿਉਂਕਿ ਇਨ੍ਹਾਂ ਦਾ ਮੰਨਣਾ ਤਾਂ ਇਹ ਹੈ ਕਿ ਜੇਕਰ ਕੋਈ ਪਸਿੱਤੀ ਕੌਮ ਹੈ ਤਾਂ ਸਿੱਧਾ ਉਸਦੀ ਅਜਾਦੀ ਦੀ ਮੰਗ ਚੁੱਕਣੀ ਚਾਹੀਦੀ ਹੈ ਨਾ ਕਿ ਅਜਾਦੀ ਦੇ ਹੱਕ ਦੀ ਮੰਗ; ਯਾਨੀ ਸਿੱਧਾ ਵੱਖ ਹੋਣ ਦੀ ਹਮਾਇਤ ਕਰਨੀ ਚਾਹੀਦੀ ਹੈ ਨਾ ਕਿ ਵੱਖ ਹੋਣ ਦੇ ਹੱਕ ਦੀ ਹਮਾਇਤ! ਤਾਂ ਫੇਰ ਇਨ੍ਹਾਂ ਨੇ ਹਾਲੇ ਤੱਕ ਪੰਜਾਬ ਦੀ ਅਜਾਦੀ ਦੀ ਮੰਗ ਕਿਉਂ ਨਹੀਂ ਚੁੱਕੀ? ਇਨ੍ਹਾਂ ਨੇ ਹਾਲੇ ਤੱਕ ਪੰਜਾਬ ਦੀ ਅਜਾਦੀ ਦੀ ਲੜਾਈ ਕਿਉਂ ਨਹੀਂ ਸ਼ੁਰੂ ਕੀਤੀ? ਕਿਤੇ ਡਰ ਤਾਂ ਨਹੀਂ ਲੱਗ ਰਿਹਾ!

ਤਾਂ ਇਹ ਹੈ ਸਾਡੇ ਕੌਮਵਾਦੀ ਸੱਜਣਾਂ ਦੀ ਸ਼ਰਮਨਾਕ ਅਤੇ ਉਲਝਣ-ਭਰੀ ਹਾਲਤ! ਇੱਕ ਪਾਸੇ ਉਨ੍ਹਾਂ ਮੌਜੂਦਾ ਬਹਿਸ ਚੋਂ ਭੱਜਣਾ ਹੈ ਅਤੇ ਇਸ ਲਈ ਬਹਿਸ ਨਾ ਕਰਨ ਦੇ ਪੰਜਾਹ ਬਹਾਨੇ ਬਣਾ ਰਹੇ ਹਨ! ਦੂਜੇ ਪਾਸੇ, ਉਨ੍ਹਾਂ ਨੇ ਆਪਣੇ ਖਿੰਡਦੇ ਕੁਨਬੇ ਨੂੰ ਬਚਾਉਣ ਲਈ ਸਾਡੇ ਤੇ ਚਿੱਕੜ ਉਛਾਲੀ ਵੀ ਕਰਨਾ ਹੈ! ਪਰ ਅਸੀਂ ਉਨ੍ਹਾਂ ਦੀ ਪੋਜੀਸ਼ਨ ਦੀ ਜੋ ਅਲੋਚਨਾ ਪੇਸ਼ ਕੀਤੀ ਹੈ, ਉਸਦਾ ਇਨ੍ਹਾਂ ਤੋਂ ਕੋਈ ਜਵਾਬ ਦਿੰਦੇ ਨਹੀਂ ਬਣ ਰਿਹਾ! ਇਸ ਲਈ ਭੋਲੇ ਪੰਛੀ ਮਿਹਨਤ ਕਰਕੇ ਦਸ ਸਾਲ ਪੁਰਾਣੀਆਂ, ਗਿਆਰਾਂ ਸਾਲ ਪੁਰਾਣੀਆਂ, ਇੱਥੋਂ ਤੱਕ ਕਿ ਵੀਹ ਸਾਲ ਪੁਰਾਣੀਆਂ ‘ਆਹ੍ਵਾਨ’, ‘ਬਿਗੁਲ’ ਅਤੇ ‘ਦਾਇਤਵਬੋਧ’ ਦੀਆਂ ਕਾਪੀਆਂ ਖੰਘਾਲ ਰਹੇ ਨੇ ਕਿ ਕਿਤੇ ਕੋਈ ਗੜਬੜੀ, ਕੋਈ ਅਸੰਤੁਲਨ, ਕੋਈ ਗ਼ਲਤੀ ਮਿਲ ਜਾਵੇ, ਜਿਸ ਤੇ ਰੌਲ਼ਾ ਪਾ ਕੇ ਅੱਜ ਜਾਰੀ ਬਹਿਸ ਚੋਂ ਭੱਜਿਆ ਜਾ ਸਕੇ। ਪਰ ਬੇਚਾਰੇ ਉਹ ਵੀ ਨਹੀਂ ਕਰ ਪਾ ਰਹੇ ਹਨ ਅਤੇ ਅਜਿਹਾ ਕਰਨ ਦੀ ਕੋਸ਼ਿਸ਼ ਚ ਵਾਰ-ਵਾਰ ਆਪਣੀ ਹੀ ਮੂਰਖਤਾ ਉਜਾਗਰ ਕਰਦੇ ਜਾ ਰਹੇ ਹਨ! ਬੇਚਾਰਿਆਂ ਨੂੰ ਚੰਗੀ ਮੱਤ ਮਿਲੇ ਅਤੇ ਬੌਧਿਕ ਤੌਰ ਤੇ ਊਲ-ਜਲੂਲ, ਤਿੱਤਰ-ਬਿੱਤਰ ਅਤੇ ਸ਼ਰਮਨਾਕ ਸਥਿਤੀ ਤੋਂ ਛੁਟਕਾਰਾ ਮਿਲੇ!

'आह्वान' की सदस्‍यता लें!

 

ऑनलाइन भुगतान के अतिरिक्‍त आप सदस्‍यता राशि मनीआर्डर से भी भेज सकते हैं या सीधे बैंक खाते में जमा करा सकते हैं। मनीआर्डर के लिए पताः बी-100, मुकुन्द विहार, करावल नगर, दिल्ली बैंक खाते का विवरणः प्रति – muktikami chhatron ka aahwan Bank of Baroda, Badli New Delhi Saving Account 21360100010629 IFSC Code: BARB0TRDBAD

आर्थिक सहयोग भी करें!

 

दोस्तों, “आह्वान” सारे देश में चल रहे वैकल्पिक मीडिया के प्रयासों की एक कड़ी है। हम सत्ता प्रतिष्ठानों, फ़ण्डिंग एजेंसियों, पूँजीवादी घरानों एवं चुनावी राजनीतिक दलों से किसी भी रूप में आर्थिक सहयोग लेना घोर अनर्थकारी मानते हैं। हमारी दृढ़ मान्यता है कि जनता का वैकल्पिक मीडिया सिर्फ जन संसाधनों के बूते खड़ा किया जाना चाहिए। एक लम्बे समय से बिना किसी किस्म का समझौता किये “आह्वान” सतत प्रचारित-प्रकाशित हो रही है। आपको मालूम हो कि विगत कई अंकों से पत्रिका आर्थिक संकट का सामना कर रही है। ऐसे में “आह्वान” अपने तमाम पाठकों, सहयोगियों से सहयोग की अपेक्षा करती है। हम आप सभी सहयोगियों, शुभचिन्तकों से अपील करते हैं कि वे अपनी ओर से अधिकतम सम्भव आर्थिक सहयोग भेजकर परिवर्तन के इस हथियार को मज़बूती प्रदान करें। सदस्‍यता के अतिरिक्‍त आर्थिक सहयोग करने के लिए नीचे दिये गए Donate बटन पर क्लिक करें।