Table of Contents
ਅਕਤੂਬਰ ਇਨਕਲਾਬ ਅਤੇ ਰੂਸੀ ਸਾਮਰਾਜ ਦੀਆਂ ਪਸਿੱਤੀਆਂ ਕੌਮਾਂ ਦੀ ਮੁਕਤੀ ਦੇ ਸੰਬੰਧ ‘ਚ ਟ੍ਰਾਟ-ਬੁੰਦਵਾਦੀਆਂ ਦੇ ਵਿਚਾਰ: ਅਨਪੜ੍ਹਤਾ ਦਾ ਇੱਕ ਹੋਰ ਨਮੂਨਾ
ਅਭਿਨਵ
ਹਾਲ ਹੀ ‘ਚ, ‘ਪ੍ਰਤੀਬੱਧ-ਲਲਕਾਰ’ ਗਰੁੱਪ ਦੇ ਰੂਪ ‘ਚ ਲਹਿਰ ‘ਚ ਇੱਕ ਅਜਿਹਾ ਰੁਝਾਨ ਪੈਦਾ ਹੋਇਆ ਹੈ, ਜਿਹਨੇ ਕੌਮੀ ਸਵਾਲ ‘ਤੇ ਬੁੰਦਵਾਦੀ-ਕੌਮਵਾਦੀ ਪੋਜੀਸ਼ਨ ਅਤੇ ਟਰਾਟਸਕੀਪੰਥੀ ਪੋਜੀਸ਼ਨ ਦਾ ਇੱਕ ਅਜੀਬ ਰਲੇਵਾਂ ਕੀਤਾ ਹੈ। ਇਨ੍ਹਾਂ ਨੂੰ ਹੀ ਅਸੀਂ ਇਸ ਲੇਖ ‘ਚ ਟ੍ਰਾਟ-ਬੁੰਦਵਾਦੀ ਦਾ ਨਾਂ ਦੇ ਰਹੇ ਹਾਂ। ਇਸ ਰੁਝਾਨ ਦੀ ਤਫ਼ਸੀਲੀ ਅਲੋਚਨਾ ‘ਆਹ੍ਵਾਨ’ ਰਸਾਲੇ ਵੱਲੋਂ ਇੱਥੇ ਪੇਸ਼ ਕੀਤੀ ਗਈ ਹੈ: http://ahwanmag.com/archives/7567
ਮੌਜੂਦਾ ਲੇਖ ‘ਚ ਅਸੀਂ ਟ੍ਰਾਟ-ਬੁੰਦਵਾਦੀਆਂ ਦੇ ਇਸ ਦਾਅਵੇ ਦੀ ਪੜਤਾਲ ਕਰ ਰਹੇ ਹਾਂ ਕਿ ਅਕਤੂਬਰ ਇਨਕਲਾਬ ਦੇ ਨਾਲ ਰੂਸੀ ਸਾਮਰਾਜ ਦੀਆਂ ਪਸਿੱਤੀਆਂ ਕੌਮਾਂ ‘ਚ ਵੀ ਸਮਾਜਵਾਦੀ ਇਨਕਲਾਬ ਹੋਇਆ ਅਤੇ ਸਮਾਜਵਾਦੀ ਗਣਰਾਜ ਹੋਂਦ ‘ਚ ਆਏ। ਅਸੀਂ ਦੇਖਾਂਗੇ ਕਿ ਸਾਡੇ ਟ੍ਰਾਟ-ਬੁੰਦਵਾਦੀਆਂ ਦੀ ਰੂਸੀ ਇਨਕਲਾਬ ਅਤੇ ਉਸ ਰਾਹੀਂ ਕੌਮੀ ਸਵਾਲ ਦੇ ਹੱਲ ਦੇ ਪੂਰੇ ਇਤਿਹਾਸ ਦੀ ਪੜ੍ਹਾਈ ਸਿਫ਼ਰ ਦੇ ਬਰਾਬਰ ਹੈ ਅਤੇ ਇਹ ਬੇਖਿਆਲੀ ‘ਚ ਅਹਿਮਕਾਨਾ ਦਾਅਵੇ ਕਰ ਰਹੇ ਹਨ।
ਇਸ ਲੇਖ ‘ਚ ਅਸੀਂ ਤੱਥਾਂ ਅਤੇ ਸਬੂਤਾਂ ਨਾਲ ਦੇਖਾਂਗੇ ਕਿ ਰੂਸੀ ਸਾਮਰਾਜ ਦੀ ਹਰੇਕ ਪਸਿੱਤੀ ਕੌਮ ‘ਚ ਅਕਤੂਬਰ ਇਨਕਲਾਬ ਦੇ ਨਾਲ ਕੌਮੀ ਅਜਾਦੀ ਦਾ ਸਵਾਲ ਹੱਲ ਹੋਇਆ ਅਤੇ ਉੱਥੇ ਕਿਸੇ ਨਾ ਕਿਸੇ ਕਿਸਮ ਦੇ ਜਮਹੂਰੀ ਗਣਰਾਜ (ਲੋਕਾਈ ਦੇ ਜਮਹੂਰੀ ਗਣਰਾਜ ਜਾਂ ਬੁਰਜੂਆ ਜਮਹੂਰੀ ਗਣਰਾਜ) ਹੋਂਦ ‘ਚ ਆਏ, ਨਾ ਕਿ ਉੱਥੇ ਸਮਾਜਵਾਦੀ ਇਨਕਲਾਬ ਦੇ ਨਾਲ ਸਮਾਜਵਾਦੀ ਗਣਰਾਜ ਹੋਂਦ ‘ਚ ਆਏ। ਇਨ੍ਹਾਂ ਵੱਖ-ਵੱਖ ਪਸਿੱਤੀਆਂ ਕੌਮਾਂ ‘ਚ ਸਮਾਜਵਾਦੀ ਗਣਰਾਜਾਂ ਦੀ ਸਥਾਪਨਾ ਕੌਮੀ ਅਜਾਦੀ ਪੜਾਅ ਪੂਰਾ ਹੋਣ ਮਗਰੋਂ 1919-20 ਤੋਂ ਲੈਕੇ 1940 ਤੱਕ ਹੁੰਦੀ ਰਹੀ ਅਤੇ ਉਹ ਵੱਖ-ਵੱਖ ਸਮੇਂ ‘ਤੇ ਸੋਵੀਅਤ ਸੰਘ ‘ਚ ਸ਼ਾਮਲ ਹੋਏ।
ਕੌਮਵਾਦੀ ਥਿੜਕਣਕਾਰੀਆਂ ਦਾ ਮੰਨਣਾ ਹੈ ਕਿ ਸਾਮਰਾਜਵਾਦ ਦੇ ਯੁੱਗ ‘ਚ ਬਹੁਕੌਮੀ ਦੇਸ਼ਾਂ ‘ਚ ਪਸਿੱਤੀਆਂ ਕੌਮਾਂ ਦੀ ਅਜਾਦੀ ਸਿੱਧਾ ਸਮਾਜਵਾਦੀ ਇਨਕਲਾਬ ਰਾਹੀਂ ਹੁੰਦੀ ਹੈ, ਨਾ ਕਿ ਕੌਮੀ ਜਮਹੂਰੀ ਇਨਕਲਾਬ ਰਾਹੀਂ। ਯਾਨੀ, ਟ੍ਰਾਟ-ਬੁੰਦਵਾਦੀਆਂ ਮੁਤਾਬਕ, ਅਜਿਹੇ ਬਹੁਕੌਮੀ ਦੇਸ਼ਾਂ ‘ਚ ਪਸਿੱਤੀਆਂ ਕੌਮਾਂ ਸਿੱਧਾ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਹੁੰਦੀਆਂ ਹਨ, ਬਸ਼ਰਤੇ ਕਿ ਉਨ੍ਹਾਂ ‘ਚ ਜਗੀਰੂ ਪੈਦਾਵਾਰੀ ਸੰਬੰਧਾਂ ਦੀ ਪ੍ਰਧਾਨਤਾ ਨਾ ਹੋਵੇ! ਯਾਨੀ, ਜੇ ਕੌਮੀ ਜਬਰ ਹੋਵੇ, ਤਾਂ ਵੀ ਸਿੱਧਾ ਸਮਾਜਵਾਦੀ ਇਨਕਲਾਬ ਰਾਹੀਂ ਹੀ ਕੌਮੀ ਜਮਹੂਰੀ ਅਤੇ ਸਮਾਜਵਾਦ ਦੋਹਾਂ ਦਾ ਹੀ ਸਵਾਲ ਹੱਲ ਕਰ ਦਿੱਤਾ ਜਾਂਦਾ ਹੈ!
ਇਨ੍ਹਾਂ ਕੌਮਵਾਦੀ ਥਿੜਕਣਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਕੌਮੀ ਜਬਰ ਬੁਰਜੂਆਜੀ ਦੇ ਕਿਸੇ ਹਿੱਸੇ ‘ਤੇ ਜਬਰ ਤੋਂ ਬਿਨਾਂ ਵੀ ਸੰਭਵ ਹੈ! ਯਾਨੀ ਕਿ ਸਿਰਫ਼ ਲੋਕਾਈ ‘ਤੇ ਜਬਰ ਨੂੰ ਕੌਮੀ ਜਬਰ ਮੰਨਿਆ ਜਾ ਸਕਦਾ ਹੈ, ਭਾਵੇਂ ਉਸ ਕੌਮ ਦੀ ਬੁਰਜੂਆਜੀ ਦਾ ਕੋਈ ਹਿੱਸਾ ਪਸਿੱਤਾ ਨਾ ਵੀ ਹੋਵੇ! ਸਾਡੇ ਕੌਮਵਾਦੀਆਂ ਨੇ ਅਜਿਹੇ ਕਿੰਨੇ ਹੀ ਮੂਰਖਤਾਪੂਰਨ ਵਿਚਾਰਾਂ ਦਾ ਢੇਰ ਲਾ ਦਿੱਤਾ ਹੈ। ਇਨ੍ਹਾਂ ਦੀ ਅਲੋਚਨਾ ਅਸੀਂ ਪਹਿਲਾਂ ਹੀ ਪੇਸ਼ ਕਰ ਚੁੱਕੇ ਹਾਂ, ਜਿਸਦਾ ਲਿੰਕ ਅਸੀਂ ਉੱਪਰ ਦਿੱਤਾ ਹੈ। ਲੋਕਾਈ ਅਤੇ ਕੌਮ ਵਿਚਕਾਰ ਫ਼ਰਕ ਨਾ ਸਮਝਣਾ ਬੁਨਿਆਦੀ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਨੂੰ ਭੁੱਲਣਾ ਹੈ, ਪਰ ਇਸ ਮਾਮਲੇ ‘ਚ ਸਵਾਲ ਭੁੱਲਣ ਦਾ ਨਹੀਂ ਹੈ, ਕਿਉਂਕਿ ਸਾਡੇ ਟ੍ਰਾਟ-ਬੁੰਦਵਾਦੀਆਂ ਨੇ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਦਾ ਅਧਿਐਨ ਹੀ ਨਹੀਂ ਕੀਤਾ ਹੈ!
ਇੱਥੇ ਅਸੀਂ ਇੱਕ ਖਾਸ ਮੁੱਦੇ ‘ਤੇ ਕੌਮਵਾਦੀ ਥਿੜਕਣਕਾਰੀਆਂ ਦੀ ਪੋਜੀਸ਼ਨ ਦੀ ਅਲੋਚਨਾ ਪੇਸ਼ ਕਰਾਂਗੇ ਕਿਉਂਕਿ ਇਸਦੇ ਰਾਹੀਂ ਸਾਡੇ ਇਹ ਕੌਮਵਾਦੀ ਸੱਜਣ ਕਾਫੀ ਧੁੰਦ ਫੈਲਾ ਰਹੇ ਹਨ।
ਮੁੱਦਾ ਇਹ ਹੈ ਕਿ ਰੂਸ ‘ਚ ਅਕਤੂਬਰ 1917 ‘ਚ ਸਮਾਜਵਾਦੀ ਇਨਕਲਾਬ ਤੋਂ ਬਾਅਦ ਕੀ ਪਸਿੱਤੀਆਂ ਕੌਮਾਂ ‘ਚ ਵੀ ਸਿੱਧਾ ਸਮਾਜਵਾਦੀ ਇਨਕਲਾਬ ਹੋਇਆ ਸੀ ਅਤੇ ਕੀ ਉੱਥੇ ਵੀ ਸਿੱਧਾ ਸਮਾਜਵਾਦੀ ਢਾਂਚੇ ਅਤੇ ਸਮਾਜਵਾਦੀ ਗਣਰਾਜ ਦੀ ਸਥਾਪਨਾ ਹੋ ਗਈ ਸੀ? ਸਾਡੇ ਕੌਮਵਾਦੀਆਂ ਦਾ ਦਾਅਵਾ ਹੈ ਕਿ ਜਦ ਅਕਤੂਬਰ ਇਨਕਲਾਬ ਹੋਇਆ, ਤਾਂ ਰੂਸੀ ਸਾਮਰਾਜ ‘ਚ ਮੌਜੂਦ ਸਾਰੀਆਂ ਪਸਿੱਤੀਆਂ ਕੌਮਾਂ ‘ਚ ਵੀ ਸਿੱਧਾ ਸਮਾਜਵਾਦੀ ਇਨਕਲਾਬ ਹੀ ਹੋਇਆ ਅਤੇ ਸਿੱਧਾ ਸਮਾਜਵਾਦੀ ਗਣਰਾਜ ਦੀ ਸਥਾਪਨਾ ਹੋ ਗਈ ਅਤੇ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਬਹੁਕੌਮੀ ਦੇਸ਼ਾਂ ‘ਚ ਪਸਿੱਤੀਆਂ ਕੌਮਾਂ ਸਿੱਧਾ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਹੁੰਦੀਆਂ ਹਨ ਅਤੇ ਇਨ੍ਹਾਂ ਪਸਿੱਤੀਆਂ ਕੌਮਾਂ ‘ਚ ਕੌਮੀ ਸਵਾਲ ਦਾ ਹੱਲ ਵੀ ਸਿੱਧਾ ਸਮਾਜਵਾਦੀ ਇਨਕਲਾਬ ਰਾਹੀਂ ਹੁੰਦਾ ਹੈ! ਆਓ ਦੇਖਦੇ ਹਾਂ ਕਿ ਸਾਡੇ ਟ੍ਰਾਟ-ਬੁੰਦਵਾਦੀਆਂ ਦੀ ਇਤਿਹਾਸ ਸੰਬੰਧੀ ਜਾਣਕਾਰੀ ਕਿੰਨੀ ਗਈ-ਗੁਜਰੀ ਹਾਲਤ ‘ਚ ਹੈ ਅਤੇ ਉਨ੍ਹਾਂ ਨੂੰ ਕੀ ਸਮਝ ਨਹੀਂ ਆ ਰਿਹਾ ਹੈ। ਇਤਿਹਾਸ ਦੀਆਂ ਠੋਸ ਉਦਾਹਰਨਾਂ ਤੋਂ ਪਹਿਲਾਂ ਬਹੁਤ ਹੀ ਸੰਖੇਪ ‘ਚ ਟ੍ਰਾਟ-ਬੁੰਦਵਾਦੀਆਂ ਦੇ ਸਿਧਾਂਤਕ ਗੜਬੜਝਾਲੇ ‘ਤੇ ਨਿਗਾਹ ਮਾਰ ਲੈਂਦੇ ਹਾਂ।
ਟ੍ਰਾਟ-ਬੁੰਦਵਾਦੀਆਂ ਦਾ ਸਿਧਾਂਤਕ ਗੜਬੜਝਾਲਾ
ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਟ੍ਰਾਟ-ਬੁੰਦਵਾਦੀ ਜਾਬਰ ਕੌਮ ਅਤੇ ਪਸਿੱਤੀ ਕੌਮ ਲਈ ਇਨਕਲਾਬ ਦੇ ਪੜਾਵਾਂ ਨੂੰ ਰਲ਼ਗੱਡ ਕਰ ਬੈਠੇ ਨੇ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਜਾਬਰ ਕੌਮ ਦੀ ਰਾਜਸੱਤਾ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਹੈ ਤਾਂ ਇਸ ਤੋਂ ਆਪਣੇ-ਆਪ ਇਹ ਨਤੀਜਾ ਨਿੱਕਲਦਾ ਹੈ ਕਿ ਉਸ ਵੱਲੋਂ ਪਸਿੱਤੀਆਂ ਕੌਮਾਂ ਵੀ ਸਿੱਧਾ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਹਨ! ਮਿਸਾਲ ਵਜੋਂ, ਜੇਕਰ ਕੋਈ ਅੱਜ ਇਹ ਨਤੀਜਾ ਕੱਢੇ ਕਿ ਕਿਉਂਕਿ ਭਾਰਤ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਹੈ, ਤਾਂ ਕਸ਼ਮੀਰ ਵੀ ਆਪਣੇ-ਆਪ ਹੀ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਹੈ, ਤਾਂ ਉਸਦੇ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਨੂੰ ਵੀ ਨਾ ਸਮਝਣ ਦੇ ਬਰਾਬਰ ਹੈ।
ਇੱਥੇ ਹੀ ਬੱਸ ਨਹੀਂ, ਸਾਡੇ ਟ੍ਰਾਟ-ਬੁੰਦਵਾਦੀ ਤਾਂ ਇਹ ਵੀ ਮੰਨਦੇ ਨੇ ਕਿ ਜੇਕਰ ਜਾਬਰ ਕੌਮ ‘ਚ ਵੀ ਹਾਲੇ ਜਮਹੂਰੀ ਇਨਕਲਾਬ ਦਾ ਪੜਾਅ ਹੈ, ਤਾਂ ਵੀ ਪਸਿੱਤੀਆਂ ਕੌਮਾਂ ਸਿੱਧਾ ਸਮਾਜਵਾਦੀ ਇਨਕਲਾਬ ਰਾਹੀਂ ਅਜਾਦ ਹੋਣਗੀਆਂ! ਹੱਸੋ ਨਾ, ਅਸੀਂ ਸੱਚ ਬੋਲ ਰਹੇ ਹਾਂ! ਇਨ੍ਹਾਂ ਨੇ ਆਪਣੇ ਰਸਾਲੇ ‘ਪ੍ਰਤੀਬੱਧ’ ਦੇ ਹਾਲੀਆ ਅੰਕ ‘ਚ ਕੌਮੀ ਸਵਾਲ ‘ਤੇ ਪੇਸ਼ ਲੇਖ ‘ਚ ਕਿਹਾ ਹੈ ਕਿ 1903 ‘ਚ ਹੀ ਪੋਲੈਂਡ ਸਮਾਜਵਾਦੀ ਇਨਕਲਾਬ ਰਾਹੀਂ ਅਜਾਦ ਹੋਣ ਵਾਲਾ ਸੀ, ਕਿਉਂਕਿ ਇਨ੍ਹਾਂ ਨੂੰ ਲੱਗਦਾ ਹੈ ਕਿ ਜਦ ਮੇਹਰਿੰਗ ਨੇ ਪੋਲੈਂਡ ‘ਚ ਪਰੋਲੇਤਾਰੀ ਜਮਾਤ ਦੀ ਅਗਵਾਈ ‘ਚ ‘ਸਮਾਜਿਕ ਇਨਕਲਾਬ’ ਦੀ ਗੱਲ ਕਹੀ ਤਾਂ ਉਨ੍ਹਾਂ ਦਾ ਮਤਲਬ ਸੀ ਕਿ ਹੁਣ ਪੋਲੈਂਡ ‘ਚ ਕੌਮੀ ਅਜਾਦੀ ਵੀ ਸਮਾਜਵਾਦੀ ਇਨਕਲਾਬ ਰਾਹੀਂ ਹੋਵੇਗੀ! ਇੱਕ ਵਾਰ ਫੇਰ, ਹੱਸਿਓ ਨਾ! ਜਾਹਰ ਹੈ, ਸਾਡੇ ਟ੍ਰਾਟ-ਬੁੰਦਵਾਦੀ ‘ਸਮਾਜਿਕ ਇਨਕਲਾਬ’ ਨੂੰ ਸਮਾਜਵਾਦੀ ਇਨਕਲਾਬ ਸਮਝ ਬੈਠੇ ਨੇ!
ਚੇਤੇ ਰਹੇ ਕਿ ਪੋਲੈਂਡ 1918 ‘ਚ ਅਜਾਦੀ ਤੋਂ ਪਹਿਲਾਂ ਰੂਸ, ਆਸਟਰੀਆ-ਹੰਗਰੀ ਅਤੇ ਜਰਮਨੀ ‘ਚ ਵੰਡਿਆ ਹੋਇਆ ਸੀ। ਸਭ ਤੋਂ ਵੱਡਾ ਹਿੱਸਾ ਰੂਸ ਦੇ ਅਧੀਨ ਸੀ। ਰੂਸ ਅਤੇ ਆਸਟਰੀਆ-ਹੰਗਰੀ ਦੋਹਾਂ ‘ਚ ਹੀ ਹਾਲੇ ਜਮਹੂਰੀ ਇਨਕਲਾਬ ਨਹੀਂ ਹੋਇਆ ਸੀ, ਜਾਂ ਹਾਲੇ ਜਮਹੂਰੀ ਇਨਕਲਾਬ ਦੇ ਕਾਰਜ ਪੂਰੇ ਨਹੀਂ ਹੋਏ ਸਨ। ਪਰ ਸਾਡੇ ਟ੍ਰਾਟ-ਬੁੰਦਵਾਦੀਆਂ ਦਾ ਮੰਨਣਾ ਹੈ ਕਿ 1903 ‘ਚ ਹੀ ਪੋਲਿਸ਼ ਪਰੋਲੇਤਾਰੀ ਜਮਾਤ ਨੇ ਰੂਸੀ ਪਰੋਲੇਤਾਰੀ ਜਮਾਤ ਨਾਲ ਮਿਲਕੇ ਰੂਸ ‘ਚ ਸਮਾਜਵਾਦੀ ਇਨਕਲਾਬ ਕਰਨਾ ਸੀ, ਜੋ ਕਿ ਇੱਕੋ ਵੇਲੇ, ਪੋਲੈਂਡ ‘ਚ ਵੀ ਸਮਾਜਵਾਦੀ ਇਨਕਲਾਬ ਹੁੰਦਾ ਅਤੇ ਪੋਲੈਂਡ ਦੀ ਅਜਾਦੀ ਦਾ ਸਵਾਲ ਵੀ ਹੱਲ ਕਰ ਦਿੰਦਾ!!! ਜਦ ਰੂਸ ਖੁਦ 1903 ‘ਚ ਜਮਹੂਰੀ ਇਨਕਲਾਬ ਦੇ ਹੀ ਪੜਾਅ ‘ਚ ਸੀ, ਤਾਂ ਪੋਲੈਂਡ ਤੋਂ ਪੋਲਿਸ਼ ਪਰੋਲੇਤਾਰੀ ਜਮਾਤ ਆ ਕੇ ਰੂਸੀ ਪਰੋਲੇਤਾਰੀ ਜਮਾਤ ਨਾਲ ਮਿਲਕੇ ਸਮਾਜਵਾਦੀ ਇਨਕਲਾਬ ਕਿਵੇਂ ਕਰ ਦਿੰਦੀ? ਕਿਹੜੀ ਰਾਜਸੱਤਾ ਦੇ ਖਿਲਾਫ਼ ਕਰ ਦਿੰਦੀ? ਕਿਹੋ ਜਿਹਾ ਜਮਾਤੀ ਮੋਰਚਾ ਬਣਦਾ? ਕਿਸਦੇ ਵਿਰੁੱਧ ਬਣਦਾ? ਦੋਸਤ ਜਮਾਤਾਂ ਦੇ ਮੋਰਚੇ ਅਤੇ ਦੁਸ਼ਮਣ ਜਮਾਤ ਦੇ ਮੋਰਚੇ ਦਾ ਕੀ ਖਾਸਾ ਹੁੰਦਾ ਅਤੇ ਉਹ ਕਿਸ ਤਰ੍ਹਾਂ ਦੀ ਯੁੱਧਨੀਤਕ ਵਿਰੋਧਤਾਈ ਨੂੰ ਪ੍ਰਗਟਾਉਂਦਾ? ਜਾਹਰ ਹੈ, ਆਪਣੀਆਂ ਮੂਰਖਤਾਪੂਰਨ ਗੱਲਾਂ ਨੂੰ ਸਿੱਧ ਕਰਨ ਲਈ ‘ਪ੍ਰਤੀਬੱਧ’ ਦਾ ਸੰਪਾਦਕ ਯਾਨੀ ਸਾਡਾ ਟ੍ਰਾਟ-ਬੁੰਦਵਾਦੀ ਸ੍ਰੀਮਾਨ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਿਆ ਹੈ!
ਦੂਜੀ ਗੱਲ, ਸਾਡੇ ਟ੍ਰਾਟ-ਬੁੰਦਵਾਦੀ ਇਤਿਹਾਸਕ ਮੁੱਲਾਂਕਣ ਅਤੇ ਸਿਆਸੀ ਪ੍ਰੋਗਰਾਮ ਵਿਚਕਾਰ ਫ਼ਰਕ ਨਹੀਂ ਸਮਝਦੇ। ਮਿਸਾਲ ਵਜੋਂ, ਇਹ ਕਹਿਣ ਦਾ, ਕਿ ਭਾਰਤੀ ਸਰਮਾਏਦਾਰਾ ਰਾਜਸੱਤਾ ਕਸ਼ਮੀਰ ਨੂੰ ਕੌਮੀ ਅਜਾਦੀ ਦਾ ਹੱਕ ਨਹੀਂ ਦੇ ਸਕਦੀ ਹੈ, ਇਹ ਸਿਰਫ਼ ਇੱਕ ਸਮਾਜਵਾਦੀ ਪਰੋਲੇਤਾਰੀ ਰਾਜਸੱਤਾ ਹੀ ਕਰ ਸਕਦੀ ਹੈ, ਜੋ ਕਿ ਸਮਾਜਵਾਦੀ ਇਨਕਲਾਬ ਰਾਹੀਂ ਹੀ ਹੋਂਦ ‘ਚ ਆ ਸਕਦੀ ਹੈ, ਇਹ ਮਤਲਬ ਕੋਈ ਸਿਰੇ ਦਾ ਮੂਰਖ ਵਿਅਕਤੀ ਹੀ ਕੱਢ ਸਕਦਾ ਹੈ ਕਿ ਕਸ਼ਮੀਰ ਬਿਨਾਂ ਕੌਮੀ ਸਵਾਲ ਦੇ ਹੱਲ ਹੋਏ ਸਿੱਧਾ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਹੈ।
ਲੈਨਿਨ ਅਤੇ ਸਤਾਲਿਨ ਨੇ ਕਿਹਾ ਸੀ ਕਿ ਸਾਮਰਾਜਵਾਦ ਦੇ ਯੁੱਗ ‘ਚ ਇਸ ਗੱਲ ਦੀ ਗੁੰਜਾਇਸ਼ ਨਾ ਦੇ ਬਰਾਬਰ ਹੈ ਕਿ ਜਾਬਰ ਕੌਮਾਂ ਦੀ ਬੁਰਜੂਆਜੀ ਆਪਣੀ ਇੱਛਾ ਨਾਲ ਪਸਿੱਤੀਆਂ ਕੌਮਾਂ ਨੂੰ ਕੌਮੀ ਅਜਾਦੀ ਦਾ ਹੱਕ ਦੇ ਦੇਵੇ। ਇਹ ਸਿਰਫ਼ ਅਪਵਾਦਸਰੂਪ ਹਾਲਤ ‘ਚ ਹੀ ਹੋ ਸਕਦਾ ਹੈ, ਜਿਵੇਂ ਕਿ ਨਾਰਵੇ ਅਤੇ ਸਵੀਡਨ ਦੇ ਮਾਮਲੇ ‘ਚ ਹੋਇਆ ਸੀ। ਇਸ ਲਈ ਲੈਨਿਨ ਅਤੇ ਸਤਾਲਿਨ ਦਾ ਇਹ ਨਤੀਜਾ ਸੀ ਕਿ ਸਾਮਰਾਜਵਾਦ ਦੇ ਯੁੱਗ ‘ਚ ਕੌਮੀ ਅਜਾਦੀ ਦੀ ਲੜਾਈ ਦੀ ਹੋਣੀ ਸਮਾਜਵਾਦੀ ਇਨਕਲਾਬ ਲਈ ਸੰਘਰਸ਼ ਨਾਲ ਜੁੜ ਚੁੱਕੀ ਹੈ ਕਿਉਂਕਿ ਕੌਮਾਂਤਰੀ ਪੱਧਰ ‘ਤੇ ਇਹ ਇੱਕ ਅਜਿਹੀ ਤਾਕਤ ਹੈ ਜੋ ਸਾਮਰਾਜਵਾਦ ਦੇ ਵਿਰੁੱਧ ਸਮਾਜਵਾਦ ਲਈ ਸੰਘਰਸ਼ ‘ਚ ਨਾਲ ਰਹੇਗੀ। ਇਸਦਾ ਇਹ ਮਤਲਬ ਨਹੀਂ ਸੀ ਕਿ ਇਨ੍ਹਾਂ ਸਾਰੀਆਂ ਪਸਿੱਤੀਆਂ ਕੌਮਾਂ ‘ਚ ਸਿੱਧਾ ਸਮਾਜਵਾਦੀ ਇਨਕਲਾਬ ਹੋਣ ਵਾਲਾ ਸੀ। ਇਸਦਾ ਬੱਸ ਇਹੀ ਮਤਲਬ ਸੀ ਕਿ ਕੌਮੀ ਜਮਹੂਰੀ ਇਨਕਲਾਬ ਸਾਮਰਾਜਵਾਦ ਦੇ ਯੁੱਗ ‘ਚ ਆਮ ਤੌਰ ‘ਤੇ ਜਨਰਲ ਬੁਰਜੂਆ ਡੈਮੋਕ੍ਰੈਟਿਕ ਪ੍ਰਕਿਰਿਆ ਦੀ ਬਜਾਏ ਜਨਰਲ ਸਮਾਜਵਾਦੀ ਪ੍ਰਕਿਰਿਆ ਦਾ ਅੰਗ ਬਣ ਚੁੱਕਿਆ ਹੈ। ਯਾਨੀ, ਇਹ ਕਾਰਜ ਵੀ ਆਮ ਤੌਰ ‘ਤੇ ਆਪਣੇ ਰੈਡੀਕਲ ਰੂਪ ‘ਚ ਲੋਕਾਈ ਦੇ ਜਮਹੂਰੀ ਇਨਕਲਾਬ ਦੇ ਰੂਪ ‘ਚ ਨੇਪਰੇ ਚੜ੍ਹ ਸਕਦਾ ਹੈ; ਦੂਜੇ ਸ਼ਬਦਾਂ ‘ਚ, ਮਜ਼ਦੂਰਾਂ ਦੀ ਅਗਵਾਈ ‘ਚ ਨਿੱਕ-ਬੁਰਜੂਆਜੀ ਅਤੇ ਸਮੁੱਚੀ ਕਿਸਾਨ ਅਬਾਦੀ ਨੂੰ ਨਾਲ ਲੈਕੇ ਰੈਡੀਕਲ ਰੂਪ ‘ਚ ਨੇਪਰੇ ਚੜ੍ਹ ਸਕਦਾ ਹੈ।
ਮਤਲਬ, ਜਾਬਰ ਕੌਮ ਦੀ ਬੁਰਜੂਆਜੀ ਵੱਲੋਂ ਆਪਾ-ਨਿਰਣੇ ਦਾ ਹੱਕ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਦੇ ਸਾਮਰਾਜਵਾਦ ਦੇ ਯੁੱਗ ‘ਚ ਖ਼ਤਮ ਹੁੰਦੇ ਜਾਣ ਦੇ ਮੁੱਲਾਂਕਣ ਨਾਲ ਉਨ੍ਹਾਂ ਦਾ ਇਹ ਵੀ ਮੁੱਲਾਂਕਣ ਸੀ ਕਿ ਕੌਮੀ ਜਮਹੂਰੀ ਇਨਕਲਾਬ ਦਾ ਕਾਰਜ ਵੀ ਹੁਣ ਪਸਿੱਤੀਆਂ ਕੌਮਾਂ ਦੀ ਬੁਰਜੂਆ ਜਮਾਤ ਆਪਣੀ ਅਗਵਾਈ ‘ਚ ਕਰ ਸਕਣ ਦੀ ਸਮਰੱਥਾ ਗੁਆਉਂਦੀ ਜਾ ਰਹੀ ਹੈ ਅਤੇ ਕੌਮੀ ਜਮਹੂਰੀ ਇਨਕਲਾਬ ਵੀ ਜੇਕਰ ਰੈਡੀਕਲ ਢੰਗ ਨਾਲ ਕਰਨਾ ਹੈ, ਤਾਂ ਇਸਦੀ ਅਗਵਾਈ ਵੀ ਪਰੋਲੇਤਾਰੀ ਜਮਾਤ ਦੇ ਹਰਾਵਲ ਦਸਤੇ, ਯਾਨੀ ਕਮਿਊਨਿਸਟ ਪਾਰਟੀ ਨੂੰ ਆਪਣੇ ਹੱਥਾਂ ‘ਚ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੇ ਇਸ ਮੁੱਲਾਂਕਣ ਦੇ ਬਾਵਜੂਦ, 1940 ਦੇ ਦਹਾਕੇ ਤੋਂ 1980 ਦੇ ਦਹਾਕੇ ਤੱਕ ਵੱਖ-ਵੱਖ ਪਸਿੱਤੀਆਂ ਕੌਮਾਂ ਦੀ ਅਜਾਦੀ ਦੀ ਜੋ ਪ੍ਰਕਿਰਿਆ ਚੱਲੀ, ਉਨ੍ਹਾਂ ਚੋਂ ਜਿਆਦਾਤਰ ‘ਚ ਅਗਵਾਈ ਕੌਮੀ ਬੁਰਜੂਆ ਜਮਾਤ ਨੇ ਕੀਤੀ। ਇਸ ਨਾਲ ਲੈਨਿਨ ਅਤੇ ਸਤਾਲਿਨ ਦਾ ਇਹ ਇਤਿਹਾਸਕ ਮੁੱਲਾਂਕਣ ਸਿਧਾਂਤਕ ਤੌਰ ‘ਤੇ ਗ਼ਲਤ ਤਾਂ ਨਹੀਂ ਸਿੱਧ ਹੋਇਆ ਕਿਉਂਕਿ ਪਰੋਲੇਤਾਰੀ ਜਮਾਤ ਦੀ ਅਗਵਾਈ ‘ਚ ਲੋਕਾਈ ਦੇ ਕੌਮੀ ਜਮਹੂਰੀ ਇਨਕਲਾਬ ਰਾਹੀਂ ਇਹ ਕਾਰਜ ਜਿੰਨੇ ਰੈਡੀਕਲ ਢੰਗ ਨਾਲ ਨੇਪਰੇ ਚੜ੍ਹ ਸਕਦੇ ਸੀ, ਉਹ ਬੁਰਜੂਆ ਜਮਾਤ ਦੀ ਅਗਵਾਈ ‘ਚ ਕਿਤੇ ਵੀ ਨਹੀਂ ਚੜ੍ਹੇ। ਫੇਰ ਵੀ, ਇਤਿਹਾਸ ਨੇ ਵਿਖਾਇਆ ਕਿ ਅਕਸਰ ਉਹ ਮਹਾਨਤਮ ਸਮਾਜ-ਵਿਗਿਆਨੀਆਂ ਤੋਂ ਵੀ ਦੋ ਕਦਮ ਅੱਗੇ ਚੱਲਦਾ ਹੈ, ਜਿਵੇਂ ਕਿ ਖੁਦ ਮਾਰਕਸ, ਏਂਗਲਸ ਅਤੇ ਲੈਨਿਨ ਨੇ ਵੀ ਕਿਹਾ ਸੀ।
ਸਾਫ਼ ਹੈ ਕਿ ਜੇਕਰ ਕੋਈ ਲੈਨਿਨ ਅਤੇ ਸਤਾਲਿਨ ਦੇ ਉਪਰੋਕਤ ਮੁੱਲਾਂਕਣ ਦਾ ਇਹ ਮਤਲਬ ਕੱਢਦਾ ਹੈ ਕਿ ਪਸਿੱਤੀਆਂ ਕੌਮਾਂ ‘ਚ ਸਿੱਧਾ ਸਮਾਜਵਾਦੀ ਇਨਕਲਾਬ ਦਾ ਪੜਾਅ ਹੈ, ਖਾਸ ਤੌਰ ‘ਤੇ ਬਹੁਕੌਮੀ ਦੇਸ਼ਾਂ ਦੇ ਅੰਦਰ ਅਤੇ ਜਿੱਥੇ ਪਸਿੱਤੀਆਂ ਕੌਮਾਂ ‘ਚ ਸਰਮਾਏਦਾਰਾ ਸੰਬੰਧਾਂ ਦਾ ਵਿਕਾਸ ਹੋ ਚੁੱਕਿਆ ਹੈ, ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਉਸਨੂੰ ਲੈਨਿਨ ਦੇ ‘ਰਾਜ ਅਤੇ ਇਨਕਲਾਬ’ ਦੇ ਸਿਧਾਂਤ, ਕੌਮੀ ਸਵਾਲ ‘ਤੇ ਲੈਨਿਨ ਦੇ ਅਧਿਐਨ ਅਤੇ ਦੋ ਪੜਾਵਾਂ ‘ਚ ਇਨਕਲਾਬ ਦੇ ਲੈਨਿਨਵਾਦੀ ਸਿਧਾਂਤ ਨੂੰ ਢੰਗ ਨਾਲ ਪੜ੍ਹਣ ਦੀ ਲੋੜ ਹੈ। ਇਸਦੇ ਨਾਲ ਹੀ, ਇਹ ਵੀ ਪਤਾ ਚੱਲਦਾ ਹੈ ਕਿ ਅਜਿਹਾ ਵਿਅਕਤੀ ਭਿਆਨਕ ਟਰਾਟਸਕੀਪੰਥੀ ਭਰਮ ਦੇ ਚਿੱਕੜ ‘ਚ ਫਸਿਆ ਹੋਇਆ ਹੈ। ਸਾਡੇ ਟ੍ਰਾਟ-ਬੁੰਦਵਾਦੀ ਸ੍ਰੀਮਾਨ ਦੀ ਇਹੀ ਹਾਲਤ ਹੈ।
ਜੇਕਰ ਕੋਈ ਕੌਮ ਪਸਿੱਤੀ ਹੈ, ਤਾਂ ਉੱਥੇ ਰਾਜਸੱਤਾ ਦੇ ਜਮਹੂਰੀ ਰੂਪਾਂਤਰਨ ਦਾ ਸਵਾਲ ਹੱਲ ਨਹੀਂ ਹੋਇਆ ਹੈ। ਜੇਕਰ ਇਹ ਸਵਾਲ ਹੱਲ ਨਹੀਂ ਹੋਇਆ ਹੈ, ਤਾਂ ਉਸਦੇ ਹੱਲ ਹੋਏ ਬਗੈਰ ਸਮਾਜਵਾਦੀ ਇਨਕਲਾਬ ਦੀ ਗੱਲ ਕਰਨਾ ਮੂਰਖਤਾਪੂਰਨ ਹੈ। ਇਨਕਲਾਬ ਦਾ ਸਵਾਲ ਦੋਸਤ ਜਮਾਤਾਂ ਅਤੇ ਦੁਸ਼ਮਣ ਜਮਾਤਾਂ ਦੀ ਪਛਾਣ ਕਰਨ ਅਤੇ ਦੋਸਤ ਜਮਾਤਾਂ ਦਾ ਯੁੱਧਨੀਤਕ ਮੋਰਚਾ ਬਣਾਉਣ ਦਾ ਸਵਾਲ ਹੁੰਦਾ ਹੈ; ਜਿਹੜੀਆਂ ਜਮਾਤਾਂ ਪਸਿੱਤੀਆਂ ਅਤੇ ਲੁਟੀਂਦੀਆਂ ਹੁੰਦੀਆਂ ਨੇ, ਉਹ ਲੋਕਾਈ ਦਾ ਹਿੱਸਾ ਹੁੰਦੀਆਂ ਹਨ, ਅਤੇ ਜਿਹੜੀਆਂ ਜਾਬਰ ਅਤੇ ਲੋਟੂ ਹੁੰਦੀਆਂ ਹਨ, ਉਹ ਦੁਸ਼ਮਣ ਜਮਾਤਾਂ ‘ਚ ਆਉਂਦੀਆਂ ਹਨ। ਕੌਮੀ ਜਬਰ ਦਾ ਸੰਕਲਪ ਬੁਰਜੂਆਜੀ ਦੇ ਇੱਕ ਹਿੱਸੇ ‘ਤੇ ਜਬਰ ਤੋਂ ਬਗੈਰ ਬੇਕਾਰ ਹੋ ਜਾਂਦਾ ਹੈ। ਬੁਰਜੂਆਜੀ ਦਾ ਜੋ ਹਿੱਸਾ ਪਸਿੱਤਾ ਹੁੰਦਾ ਹੈ, ਉਹ ਕੌਮੀ ਬੁਰਜੂਆਜੀ ਹੁੰਦਾ ਹੈ ਅਤੇ ਕੌਮੀ ਅਜਾਦੀ ਦੇ ਸਵਾਲ ਦੇ ਹੱਲ ਹੋਣ ਤੱਕ, ਯਾਨੀ ਕੌਮੀ ਜਮਹੂਰੀ ਇਨਕਲਾਬ ਤੱਕ, ਇਨਕਲਾਬ ਦਾ ਦੋਸਤ ਜਮਾਤ ਹੁੰਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਅਜਿਹੀ ਪਸਿੱਤੀ ਕੌਮ ‘ਚ ਜਿੱਥੇ ਸਰਮਾਏਦਾਰਾ ਪੈਦਾਵਾਰੀ ਸੰਬੰਧ ਵਿਕਸਤ ਹੋ ਚੁੱਕੇ ਹਨ, ਕੌਮੀ ਜਮਹੂਰੀ ਕਾਰਜ ਪੂਰੇ ਹੋਣ ਮਗਰੋਂ, ਜਲਦ ਹੀ ਸਮਾਜਵਾਦੀ ਇਨਕਲਾਬ ਹੋ ਜਾਵੇ, ਜਾਂ ਉਸਦੇ ਹਲਾਤ ਪੈਦਾ ਹੋ ਜਾਣ।
ਇਹ ਕੌਮੀ ਸਰਮਾਏਦਾਰ ਜਮਾਤ ਆਮ ਤੌਰ ‘ਤੇ ਵੱਡੀ ਸਰਮਾਏਦਾਰ ਜਮਾਤ ਨਹੀਂ ਹੁੰਦੀ ਹੈ। ਕੌਮੀ ਜਬਰ ਦੇ ਹਲਾਤ ‘ਚ ਵੱਡੀ ਸਰਮਾਏਦਾਰ ਜਮਾਤ ਅਕਸਰ ਹੀ ਵਪਾਰਕ ਅਤੇ ਨੌਕਰਸ਼ਾਹ ਹੁੰਦੀ ਹੈ ਅਤੇ ਜਾਬਰ ਕੌਮ ਦੀ ਹਾਕਮ ਜਮਾਤ ਦੀ ਦਲਾਲ ਬਣ ਜਾਂਦੀ ਹੈ, ਕਿਉਂਕਿ ਜਾਬਰ ਕੌਮ ਦੀ ਬੁਰਜੂਆਜੀ ਪਸਿੱਤੀ ਕੌਮ ‘ਚ ਕਦੇ ਕਿਸੇ ਵੱਡੀ ਅਤੇ ਤਾਕਤਵਰ ਉਦਯੋਗਿਕ ਬੁਰਜੂਆਜੀ ਨੂੰ ਵਿਕਸਤ ਹੀ ਨਹੀਂ ਹੋਣ ਦਿੰਦੀ ਕਿਉਂਕਿ ਕੌਮੀ ਜਬਰ ਦਾ ਮੂਲ ਹੀ ਘਰੇਲੂ ਬਜਾਰ ਅਤੇ ਵਸੀਲਿਆਂ ‘ਤੇ ਕਬਜੇ ਦੀ ਲੜਾਈ ਹੈ। ਸਿੱਟੇ ਵਜੋਂ, ਅਕਸਰ ਹੀ ਕੌਮੀ ਸਰਮਾਏਦਾਰ ਜਮਾਤ ਦੀ ਭੂਮਿਕਾ ‘ਚ ਨਿੱਕੀ ਅਤੇ ਦਰਮਿਆਨੀ ਸਰਮਾਏਦਾਰ ਜਮਾਤ ਆਉਂਦੀ ਹੈ, ਜਿਸ ਵਿੱਚ ਕਿ ਪਿੰਡ ਦੇ ਅਮੀਰ ਕਿਸਾਨ ਵੀ ਸ਼ਾਮਲ ਹੁੰਦੇ ਹਨ।
ਇਨ੍ਹਾਂ ਲਈ ਆਪਣੇ ਘਰੇਲੂ ਬਜਾਰ ਦਾ ਸਵਾਲ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਅਤੇ ਕੌਮੀ ਜਬਰ ਦੇ ਮੂਲ ‘ਚ ਅਸਲ ‘ਚ ਘਰੇਲੂ ਬਜਾਰ ‘ਤੇ ਕਬਜਾ ਕਰਨ ਦਾ ਸਵਾਲ ਹੀ ਹੁੰਦਾ ਹੈ। ਬੇਸ਼ੱਕ, ਇਸ ਘਰੇਲੂ ਬਜਾਰ ‘ਤੇ ਕਬਜੇ ਲਈ ਜਾਬਰ ਕੌਮ ਦੀ ਹਾਕਮ ਜਮਾਤ ਨੂੰ ਪਸਿੱਤੀ ਕੌਮ ‘ਤੇ ਸਿਆਸੀ ਜਬਰ ਕਰਨਾ ਪੈਂਦਾ ਹੈ, ਜਿਸਦਾ ਪ੍ਰਗਟਾਵਾ ਅਕਸਰ ਭਾਸ਼ਾਵਾਂ ‘ਤੇ ਜਬਰ, ਆਉਣ-ਜਾਣ ਦੀਆਂ ਪਬੰਦੀਆਂ, ਧਾਰਮਿਕ ਰੋਕਾਂ, ਆਦਿ ‘ਚ ਵਿਖਾਈ ਦਿੰਦਾ ਹੈ ਅਤੇ ਇਸ ਤਰ੍ਹਾਂ ਸਮੁੱਚੀ ਕੌਮ ਨੂੰ ਹੀ ਕੌਮੀ ਜਬਰ ਆਪਣੇ ਗਲਾਵੇ ‘ਚ ਲੈ ਲੈਂਦਾ ਹੈ। ਪਰ ਇਸਦੇ ਮੂਲ ‘ਚ ਪਸਿੱਤੀ ਕੌਮ ਦੀ ਬੁਰਜੂਆਜੀ ਅਤੇ ਜਾਬਰ ਕੌਮ ਦੀਆਂ ਹਾਕਮ ਜਮਾਤਾਂ ਵਿਚਕਾਰ ਘਰੇਲੂ ਬਜਾਰ ਅਤੇ ਵਸੀਲਿਆਂ ‘ਤੇ ਕਬਜੇ ਦੀ ਲੜਾਈ ਹੀ ਹੁੰਦੀ ਹੈ।
ਇੱਕ ਮਿਸਾਲ ਰਾਹੀਂ ਤੁਸੀਂ ਇਸਨੂੰ ਸਮਝ ਸਕਦੇ ਹੋ। ਜਦ ਡੱਚ ਲੋਕਾਂ ਦਾ ਇੰਡੋਨੇਸ਼ੀਆ ‘ਤੇ ਕਬਜਾ ਸੀ, ਤਾਂ ਉੱਥੇ ਡੱਚ ਬਸਤੀਵਾਦੀਆਂ ਲਈ ਬਣੇ ਸਿਨੇਮਾ ਹਾਲਾਂ ਅਤੇ ਥਿਏਟਰਾਂ ‘ਤੇ ਇਹ ਨਹੀਂ ਸੀ ਲਿਖਿਆ ਹੁੰਦਾ ਕਿ “ਇੱਥੇ ਕੁੱਤਿਆਂ ਅਤੇ ਇੰਡੋਨੇਸ਼ੀਆ ਦੀ ਕੌਮੀ ਸਰਮਾਏਦਾਰ ਜਮਾਤ ਦਾ ਆਉਣਾ ਮਨਾ ਹੈ”! ਉੱਥੇ ਬੱਸ ਇਹ ਲਿਖਿਆ ਹੁੰਦਾ ਸੀ ਕਿ “ਇੱਥੇ ਕੁੱਤਿਆਂ ਅਤੇ ਇੰਡੋਨੇਸ਼ੀਆਈ ਲੋਕਾਂ ਦਾ ਆਉਣਾ ਮਨਾ ਹੈ।” ਜਦ ਸਿਆਸੀ ਤੌਰ ‘ਤੇ ਕਿਸੇ ਕੌਮ ‘ਤੇ ਜਬਰ ਹੁੰਦਾ ਹੈ, ਤਾਂ ਉਹ ਲਾਜ਼ਮੀ ਤੌਰ ‘ਤੇ ਸਮੁੱਚੀ ਕੌਮ ਨੂੰ ਆਪਣੇ ਗਲਾਵੇ ‘ਚ ਲੈ ਲੈਂਦਾ ਹੈ। ਪਰ ਇਸ ਕਾਰਨੋਂ ਇਹ ਭੁੱਲ ਜਾਣਾ ਕਿ ਕੌਮੀ ਜਬਰ ਦਾ ਸਾਰਤੱਤ ਅਤੇ ਮੂਲ ਅਸਲ ‘ਚ ਪਸਿੱਤੀ ਕੌਮ ਦੀ ਬੁਰਜੂਆਜੀ ‘ਤੇ ਜਬਰ ਹੈ, ਕੌਮੀ ਜਬਰ ਦੇ ਪੂਰੇ ਸੰਕਲਪ ਨੂੰ ਭੁੱਲ ਜਾਣ ਦੇ ਬਰਾਬਰ ਹੈ।
ਤੀਜੀ ਗੱਲ, ਸਾਡੇ ਟ੍ਰਾਟ-ਬੁੰਦਵਾਦੀਆਂ ਦੇ ਇਹ ਗੱਲ ਪੱਲੇ ਨਹੀਂ ਪੈਂਦੀ ਕਿ ਕੌਮੀ ਆਪਾ-ਨਿਰਣੇ ਦਾ ਹੱਕ ਯਾਨੀ ਵੱਖ ਹੋਣ ਦਾ ਹੱਕ ਹਰ ਕੌਮ ਦਾ ਹੱਕ ਹੈ, ਭਾਵੇਂ ਉਸ ਕੌਮ ਬਾਰੇ ਤੁਹਾਡਾ ਇਹ ਵਿਸ਼ਲੇਸ਼ਣ ਹੀ ਕਿਉਂ ਨਾ ਹੋਵੇ ਕਿ ਉਹ ਕੌਮ ਪਸਿੱਤੀ ਨਹੀਂ ਹੈ। ਜਾਹਰ ਹੈ, ਸਾਡੇ ਟ੍ਰਾਟ-ਬੁੰਦਵਾਦੀ ਉਸ ਫ਼ਰਕ ਨੂੰ ਨਹੀਂ ਸਮਝਦੇ ਹਨ, ਜਿਸਨੂੰ ਲੈਨਿਨ ਨੇ ਵਾਰ-ਵਾਰ ਸਪਸ਼ਟ ਕੀਤਾ ਸੀ: ਵੱਖ ਹੋਣ ਦੇ ਹੱਕ ਦੀ ਹਮਾਇਤ ਅਤੇ ਵੱਖ ਹੋਣ ਦੀ ਹਮਾਇਤ ‘ਚ ਫ਼ਰਕ।
ਕੌਮੀ ਆਪਾ-ਨਿਰਣੇ ਦੇ ਹੱਕ ਦਾ ਮਤਲਬ ਵੱਖ ਹੋਣ ਦੇ ਹੱਕ ਤੋਂ ਇਲਾਵਾ ਹੋਰ ਕੁਝ ਹੋ ਹੀ ਨਹੀਂ ਸਕਦਾ ਹੈ, ਜਿਵੇਂ ਕਿ ਲੈਨਿਨ ਨੇ ਦੱਸਿਆ ਹੈ ਅਤੇ ਵੱਖ ਹੋਣ ਦੇ ਹੱਕ ਦੀ ਹਮਾਇਤ ਇੱਕ ਅਜਿਹੀ ਸਿਧਾਂਤਕ ਪੋਜੀਸ਼ਨ ਹੈ, ਜਿਸਨੂੰ ਅਸੀਂ ਹਰ ਕੌਮ ਦੇ ਸੰਦਰਭ ‘ਚ ਬਿਨਾਂ ਸ਼ਰਤ ਮੰਨਦੇ ਹਾਂ। ਇਸਨੂੰ ਮੰਨਦੇ ਹੋਏ ਵੀ ਅਸੀਂ ਕਿਸੇ ਕੌਮ ਦੇ ਵੱਖ ਹੋਣ ਜਾਂ ਨਾ ਹੋਣ ਦੇ ਰੈਫਰੈਂਡਮ ‘ਚ ਇਹ ਵੋਟ ਪਾ ਸਕਦੇ ਹਾਂ ਕਿ ਉਹ ਕੌਮ ਵੱਖ ਨਾ ਹੋਵੇ। ਵੱਖ ਹੋਣ ਦੇ ਹੱਕ ਦੀ ਹਮਾਇਤ ਹਰ ਹਾਲਤ ‘ਚ ਵੱਖ ਹੋਣ ਦੀ ਹਮਾਇਤ ਨਹੀਂ ਹੈ। ਇਸੇ ਸੰਦਰਭ ‘ਚ ਲੈਨਿਨ ਨੇ ਕਿਹਾ ਸੀ ਕਿ ਇਸਨੂੰ ਸਮਝਣ ਦਾ ਸਭ ਤੋਂ ਬਿਹਤਰ ਢੰਗ ਹੈ ਤਲਾਕ ਦੇ ਰੂਪਕ ਰਾਹੀਂ ਇਸਨੂੰ ਸਮਝਣਾ। ਅਸੀਂ ਮਾਰਕਸਵਾਦੀ ਹਰ ਹਾਲਤ ‘ਚ ਹਰ ਵਿਅਕਤੀ ਲਈ ਤਲਾਕ ਦੇ ਹੱਕ ਦੀ ਬਿਨਾਂ ਸ਼ਰਤ ਹਮਾਇਤ ਕਰਦੇ ਹਾਂ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਰ ਹਾਲਤ ‘ਚ ਇਹ ਮੰਨਦੇ ਹਾਂ ਕਿ ਤਲਾਕ ਹੋਣਾ ਹੀ ਚਾਹੀਦਾ ਹੈ। ਪਰ ਜਿਨ੍ਹਾਂ ਮਾਮਲਿਆਂ ‘ਚ ਸਾਡਾ ਇਹ ਮੰਨਣਾ ਵੀ ਹੋਵੇ ਕਿ ਤਲਾਕ ਨਹੀਂ ਹੋਣਾ ਚਾਹੀਦਾ, ਉੱਥੇ ਵੀ ਅਸੀਂ ਤਲਾਕ ਦੇ ਹੱਕ ਦੀ ਬਿਨਾਂ ਸ਼ਰਤ ਹਮਾਇਤ ਕਰਦੇ ਹਾਂ। ਇਹ ਕੌਮੀ ਸਵਾਲ ‘ਤੇ ਲੈਨਿਨਵਾਦੀ ਪੋਜੀਸ਼ਨ ਦਾ ਇੱਕ ਬੁਨਿਆਦੀ ਨੁਕਤਾ ਹੈ, ਜਿਸਨੂੰ ‘ਪ੍ਰਤੀਬੱਧ-ਲਲਕਾਰ’ ਗਰੁੱਪ ਦਾ ਟ੍ਰਾਟ-ਬੁੰਦਵਾਦੀ ਆਗੂ ਸਮਝ ਨਹੀਂ ਪਾ ਰਿਹਾ ਹੈ।
ਹੁਣ ਅਸੀਂ ਰੂਸੀ ਇਨਕਲਾਬ ਅਤੇ ਰੂਸੀ ਸਾਮਰਾਜ ਦੀਆਂ ਪਸਿੱਤੀਆਂ ਕੌਮਾਂ ‘ਚ ਕੌਮੀ ਅਜਾਦੀ ਦੇ ਕਾਰਜ ਪੂਰੇ ਹੋਣ ਦੇ ਇਤਿਹਾਸ ਦੀ ਗੱਲ ਕਰਦੇ ਹਾਂ।
ਇਸ ਸਮੇਂ ਸਾਡੇ ਟ੍ਰਾਟ-ਬੁੰਦਵਾਦੀ ਤਮਾਮ ਜ਼ਬਾਨੀ ਚਰਚਾਵਾਂ ‘ਚ ਇਹ ਦਾਅਵੇ ਕਰ ਰਹੇ ਹਨ ਕਿ ਰੂਸ ਦੀਆਂ ਸਾਰੀਆਂ ਪਸਿੱਤੀਆਂ ਕੌਮਾਂ ਦੀ ਕੌਮੀ ਅਜਾਦੀ ਦਾ ਸਵਾਲ ਸਿੱਧਾ ਸਮਾਜਵਾਦੀ ਇਨਕਲਾਬ ਰਾਹੀਂ ਹੱਲ ਹੋਇਆ ਅਤੇ ਇਸ ਲਈ ਉੱਥੇ ਸਿੱਧਾ ਸਮਾਜਵਾਦੀ ਢਾਂਚਾ ਆਇਆ। ਉਨ੍ਹਾਂ ਨੂੰ ਲੱਗਦਾ ਹੈ ਕਿ ਰੂਸ ‘ਚ ਸਮਾਜਵਾਦੀ ਇਨਕਲਾਬ ਦਾ ਮਤਲਬ ਸੀ ਕਿ ਸਾਰੀਆਂ ਪਸਿੱਤੀਆਂ ਕੌਮਾਂ ‘ਚ ਵੀ ਸਮਾਜਵਾਦੀ ਇਨਕਲਾਬ ਹੋ ਗਿਆ ਅਤੇ ਸਮਾਜਵਾਦੀ ਗਣਰਾਜ ਦੀ ਸਥਾਪਨਾ ਹੋ ਗਈ। ਇੱਥੇ ਇੱਕ ਵਾਰ ਫੇਰ ਟ੍ਰਾਟ-ਬੁੰਦਵਾਦੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਰੂਸੀ ਇਨਕਲਾਬ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇਕਰ ਅੱਜ ਭਾਰਤ ‘ਚ ਸਮਾਜਵਾਦੀ ਇਨਕਲਾਬ ਹੋ ਜਾਵੇ ਅਤੇ ਉਹ ਉੱਤਰ-ਪੂਰਬ ਦੀਆਂ ਪਸਿੱਤੀਆਂ ਕੌਮਾਂ ਅਤੇ ਕਸ਼ਮੀਰੀ ਕੌਮ ਨੂੰ ਆਪਾ-ਨਿਰਣੇ ਦਾ ਹੱਕ ਦੇ ਦੇਵੇ, ਤਾਂ ਇਸਦਾ ਮਤਲਬ ਇਹ ਨਹੀਂ ਹੋਵੇਗਾ ਕਿ ਉੱਤਰ-ਪੂਰਬ ਦੀਆਂ ਕੌਮਾਂ ਅਤੇ ਕਸ਼ਮੀਰੀ ਕੌਮ ਲਈ ਸਿੱਧਾ ਸਮਾਜਵਾਦੀ ਇਨਕਲਾਬ ਨੇਪਰੇ ਚੜ੍ਹ ਗਿਆ ਅਤੇ ਉੱਥੇ ਸਮਾਜਵਾਦੀ ਇਨਕਲਾਬ ਨੇ ਕੌਮੀ ਸਵਾਲ ਹੱਲ ਕਰ ਦਿੱਤਾ! ਇਸਨੂੰ ਅੱਗੇ ਅਸੀਂ ਰੂਸ ‘ਚ ਸਮਾਜਵਾਦੀ ਇਨਕਲਾਬ ਅਤੇ ਪਸਿੱਤੀਆਂ ਕੌਮਾਂ ਦੀ ਆਜਾਦੀ ਦੇ ਅਸਲ ਇਤਿਹਾਸਕ ਤਜਰਬੇ ਰਾਹੀਂ ਸਮਝਾਂਗੇ ਕਿਉਂਕਿ ਟ੍ਰਾਟ-ਬੁੰਦਵਾਦੀ ਸ੍ਰੀਮਾਨ ਇਸ ਬਾਰੇ ਕਾਫੀ ਧੁੰਦ ਫੈਲਾ ਰਹੇ ਹਨ।
ਰੂਸੀ ਇਨਕਲਾਬ ‘ਚ ਵੀ ਪਸਿੱਤੀਆਂ ਕੌਮਾਂ ‘ਚ ਲੋਕਾਈ ਦੇ ਜਮਹੂਰੀ ਗਣਰਾਜ ਜਾਂ ਬੁਰਜੂਆ ਕੌਮੀ ਗਣਰਾਜ ਹੀ ਪਹਿਲਾਂ ਹੋਂਦ ‘ਚ ਆਏ ਸੀ। ਜਿਨ੍ਹਾਂ ਪਸਿੱਤੀਆਂ ਕੌਮਾਂ ਦੇ ਦੇਸ਼ਾਂ ‘ਚ ਸਰਮਾਏਦਾਰਾ ਸੰਬੰਧਾਂ ਦਾ ਵਿਕਾਸ ਹੋ ਗਿਆ ਸੀ, ਉੱਥੇ ਵੀ ਪਹਿਲਾਂ ਲੋਕਾਈ ਦੇ ਜਮਹੂਰੀ ਗਣਰਾਜ ਜਾਂ ਬੁਰਜੂਆ ਜਮਹੂਰੀ ਗਣਰਾਜ ਹੀ ਹੋਂਦ ‘ਚ ਆਏ ਸੀ। ਇਨ੍ਹਾਂ ਦੇਸ਼ਾਂ ‘ਚ ਸਮਾਜਵਾਦੀ ਗਣਰਾਜ ਬਾਅਦ ‘ਚ ਸਥਾਪਤ ਹੋਏ। ਪਹਿਲਾਂ ਉਹ ਲੋਕਾਈ ਦੇ ਜਮਹੂਰੀ ਗਣਰਾਜ ਜਾਂ ਬੁਰਜੂਆ ਜਮਹੂਰੀ ਗਣਰਾਜ ਦੇ ਇੱਕ ਦੌਰ ‘ਚ ਲੰਘੇ। ਉਹ ਸਮਾਜਵਾਦੀ ਰੂਸ ਦੇ ਨਾਲ ਪਹਿਲਾਂ ਸੰਘ ‘ਚ ਅਤੇ ਬਾਅਦ ‘ਚ ਯੂਨੀਅਨ ‘ਚ ਸ਼ਾਮਲ ਹੋਏ। ਆਓ ਇਤਿਹਾਸਕ ਤੱਥਾਂ ਅਤੇ ਉਦਾਹਰਨਾਂ ਰਾਹੀਂ ਇਸ ਗੱਲ ਨੂੰ ਸਮਝੀਏ।
ਸਮਾਜਵਾਦੀ ਅਕਤੂਬਰ ਇਨਕਲਾਬ ਅਤੇ ਰੂਸੀ ਸਾਮਰਾਜ ਦੀਆਂ ਪਸਿੱਤੀਆਂ ਕੌਮਾਂ ‘ਚ ਕੌਮੀ ਜਮਹੂਰੀ ਕਾਰਜ ਦਾ ਹੱਲ ਹੋਣਾ ਅਤੇ ਟ੍ਰਾਟ-ਬੁੰਦਵਾਦੀ ਸ੍ਰੀਮਾਨ ਦਾ ਇਤਿਹਾਸ ਬਾਰੇ ਸ਼ਰਮਨਾਕ ਅਗਿਆਨ
ਅਕਤੂਬਰ 1917 ‘ਚ ਬਾਲਸ਼ੈਵਿਕ ਇਨਕਲਾਬ ਮਗਰੋਂ ਸੋਵੀਅਤ ਰੂਸ ਹੋਂਦ ‘ਚ ਆਇਆ ਅਤੇ ਉਸਨੇ ਉਸ ਸਮੇਂ ਤੱਕ ਮੌਜੂਦ ਰਹੇ ਜਾਰਵਾਦੀ ਰੂਸੀ ਸਾਮਰਾਜ ਦੀਆਂ ਸਾਰੀਆਂ ਪਸਿੱਤੀਆਂ ਕੌਮਾਂ ਨੂੰ ਆਪਾ-ਨਿਰਣੇ ਦਾ ਹੱਕ ਦਿੱਤਾ। ਜਦ ਇਨ੍ਹਾਂ ਪਸਿੱਤੀਆਂ ਕੌਮਾਂ ਨੂੰ ਇਹ ਹੱਕ ਮਿਲਿਆ ਤਾਂ ਕੌਮੀ ਸਵਾਲ ਹੱਲ ਹੋ ਗਿਆ ਅਤੇ ਉੱਥੇ ਸਮਾਜਵਾਦੀ ਤਾਕਤਾਂ ਜਾਂ ਬੁਰਜੂਆ ਕੌਮਵਾਦੀ ਤਾਕਤਾਂ ਦੀ ਅਗਵਾਈ ‘ਚ ਜਾਂ ਤਾਂ ਲੋਕਾਈ ਦੇ ਜਮਹੂਰੀ ਗਣਰਾਜ ਹੋਂਦ ‘ਚ ਆਏ ਜਾਂ ਫੇਰ ਬੁਰਜੂਆ ਜਮਹੂਰੀ ਗਣਰਾਜ ਹੋਂਦ ‘ਚ ਆਏ।
ਇਨ੍ਹਾਂ ਚੋਂ ਕੁਝ ਦੇਸ਼ਾਂ ‘ਚ ਸਮਾਜਵਾਦੀ ਇਨਕਲਾਬ ਲਈ ਵੀ ਬਾਲਸ਼ੈਵਿਕਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਕੁਝ ਦੇਸ਼ਾਂ ‘ਚ ਸਮਾਜਵਾਦੀ ਗਣਰਾਜ ਵੀ ਹੋਂਦ ‘ਚ ਆ ਗਏ। ਇਸ ਪ੍ਰਕਿਰਿਆ ‘ਚ 1918 ਤੋਂ 1921 ਤੱਕ ਜਾਰੀ ਘਰੇਲੂ ਜੰਗ ਦੀ ਵੀ ਇੱਕ ਭੂਮਿਕਾ ਸੀ। ਇਸ ਮਗਰੋਂ, 1919 ਤੋਂ ਲੈਕੇ ਮੁੱਖ ਤੌਰ ‘ਤੇ 1924 ਤੱਕ ਕਈ ਅਜਿਹੇ ਦੇਸ਼ ਜਿੱਥੇ ਸਮਾਜਵਾਦੀ ਗਣਰਾਜ ਹੋਂਦ ‘ਚ ਆ ਚੁੱਕੇ ਸੀ, ਉਹ ਸੋਵੀਅਤ ਰੂਸ ਨਾਲ ਪਹਿਲਾਂ ਸੰਘ ਅਤੇ ਫੇਰ ਸੰਘੀ ਯੂਨੀਅਨ ‘ਚ ਸ਼ਾਮਲ ਹੁੰਦੇ ਰਹੇ। ਇਸੇ ਪ੍ਰਕਿਰਿਆ ‘ਚ ਸੋਵੀਅਤ ਸੰਘ ਹੋਂਦ ‘ਚ ਆਇਆ। ਕੁਝ ਦੇਸ਼ ਤਾਂ 1940 ਤੱਕ ਸੋਵੀਅਤ ਸੰਘ ‘ਚ ਸ਼ਾਮਲ ਹੋਏ।
ਆਓ, ਇਸ ਪੂਰੇ ਇਤਿਹਾਸਕ ਘਟਨਾਕ੍ਰਮ ਦਾ ਇੱਕ ਸੰਖੇਪ ਬਿਓਰਾ ਦੇਖ ਲਈਏ ਤਾਂ ਜੋ ਟ੍ਰਾਟ-ਬੁੰਦਵਾਦੀਆਂ ਵੱਲੋਂ ਇਤਿਹਾਸ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਬੇਨਕਾਬ ਕੀਤਾ ਜਾ ਸਕੇ। ਵੈਸੇ, ਇਹ ਸੋਚੀ-ਸਮਝੀ ਛੇੜਛਾੜ ਦੀ ਬਜਾਏ ਨਿਰੋਲ ਅਨਪੜ੍ਹਤਾ ਵੀ ਹੋ ਸਕਦੀ ਹੈ, ਕਿਉਂਕਿ ਸਾਡੇ ਟ੍ਰਾਟ-ਬੁੰਦਵਾਦੀਆਂ ਨੇ ਮਾਰਕਸਵਾਦ ਦੇ ਬੁਨਿਆਦੀ ਸਿਧਾਂਤਾਂ ਤੱਕ ‘ਚ ਭਿਆਨਕ ਅਗਿਆਨ ਦੀ ਪੂਰੀ ਲਗਾਤਾਰਤਾ ਦੇ ਨਾਲ ਵਾਰ-ਵਾਰ ਨੁਮਾਇਸ਼ ਕੀਤੀ ਹੈ। ਇਸ ਬਾਰੇ ਜਾਣਨ ਲਈ ਤੁਸੀਂ ਇਹ ਲਿੰਕ ਦੇਖ ਸਕਦੇ ਹੋ: 1) http://ahwanmag.com/archives/7585; 2) http://ahwanmag.com/archives/7590
ਹੁਣ ਦੇਖਦੇ ਹਾਂ ਕਿ ਅਕਤੂਬਰ ਇਨਕਲਾਬ ਤੋਂ ਬਾਅਦ ਵੱਖ-ਵੱਖ ਪਸਿੱਤੀਆਂ ਕੌਮਾਂ ‘ਚ ਕੀ ਵਾਪਰਿਆ ਸੀ।
ਅਕਤੂਬਰ ਇਨਕਲਾਬ ਤੋਂ ਬਾਅਦ ਸੋਵੀਅਤ ਸਰਕਾਰ ਨੇ ਸਾਰੀਆਂ ਪਸਿੱਤੀਆਂ ਕੌਮਾਂ ਦੇ ਆਪਾ-ਨਿਰਣੇ ਦੇ ਹੱਕ ਨੂੰ ਬਿਨਾਂ ਸ਼ਰਤ ਸਵੀਕਾਰ ਕੀਤਾ। ਇਸਦੇ ਤਤਕਾਲ ਅਮਲ ਲਈ ਕੌਮੀਅਤਾਂ ਦੀ ਲੋਕ-ਕਮੀਸਾਰੀਅਤ (ਨਾਰਕੋਮਨਾਟਸ) ਦਾ ਗਠਨ ਕੀਤਾ ਗਿਆ ਜਿਸਦੇ ਕਮਿਸਾਰ ਖੁਦ ਸਤਾਲਿਨ ਸਨ। ਸ਼ੁਰੂਆਤ ‘ਚ ਹੀ ਪੋਲੈਂਡ ਦੇ ਅਤੇ ਫਿਨਲੈਂਡ ਦੇ ਕੌਮੀ ਆਪਾ-ਨਿਰਣੇ ਦੇ ਹੱਕ ਨੂੰ ਸਵੀਕਾਰ ਕੀਤਾ ਗਿਆ। ਅੱਗੇ ਆਪਾਂ ਵੱਖ-ਵੱਖ ਪਸਿੱਤੀਆਂ ਕੌਮਾਂ ‘ਚ ਰੂਸ ‘ਚ ਹੋਏ ਸਮਾਜਵਾਦੀ ਇਨਕਲਾਬ ਨਾਲ ਕੌਮੀ ਸਵਾਲ ਦੇ ਹੱਲ ਹੋਣ ਅਤੇ ਜਮਹੂਰੀ ਗਣਰਾਜਾਂ ਦੇ ਹੋਂਦ ‘ਚ ਆਉਣ ‘ਤੇ ਸੰਖੇਪ ‘ਚ ਨਿਗਾਹ ਮਾਰਦੇ ਹਾਂ, ਜਿਸ ਨਾਲ ਕਿ ਟ੍ਰਾਟ-ਬੁੰਦਵਾਦੀਆਂ ਦੇ ਦਿਮਾਗ ‘ਚ ਪੱਸਰੀ ਧੁੰਦ ਕੁਝ ਸਾਫ਼ ਹੋ ਸਕੇ।
ਪੋਲੈਂਡ ਅਤੇ ਫਿਨਲੈਂਡ ਦੀ ਅਜਾਦੀ ਅਤੇ ਉੱਥੇ ਜਮਹੂਰੀ ਗਣਰਾਜਾਂ ਦੀ ਸਥਾਪਨਾ
ਪੋਲੈਂਡ ਨੂੰ ਰੂਸ ਦੀ ਸਮਾਜਵਾਦੀ ਸੱਤਾ ਨੇ ਤਤਕਾਲ ਕੌਮੀ ਆਪਾ-ਨਿਰਣੇ ਦਾ ਹੱਕ ਦਿੱਤਾ ਅਤੇ ਉਸ ਮਗਰੋਂ ਉੱਥੇ ਬੁਰਜੂਆ ਜਮਹੂਰੀ ਗਣਰਾਜ ਦੀ ਸਥਾਪਨਾ ਹੋਈ, ਜਿਸਨੂੰ ਸੈਕੰਡ ਰਿਪਬਲਿਕ ਆਫ਼ ਪੋਲੈਂਡ ਦੇ ਨਾਂ ਨਾਲ ਜਾਣਿਆ ਗਿਆ।
18 (31) ਦਸੰਬਰ ਨੂੰ ਫਿਨਲੈਂਡ ਦੀ ਕੌਮੀ ਅਜਾਦੀ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਬਿਨਾਂ ਸ਼ਰਤ ਸਵੀਕਾਰ ਕੀਤਾ ਗਿਆ। ਉੱਥੇ ਇੱਖ ਬੁਰਜੂਆ ਗਣਰਾਜ ਹੋਂਦ ‘ਚ ਆ ਗਿਆ। ਇਸਦੇ ਨਾਲ, ਬੁਰਜੂਆ ਕੌਮੀ ਜਮਹੂਰੀ ਇਨਕਲਾਬ ਦਾ ਕਾਰਜ ਪੂਰਾ ਹੋ ਗਿਆ। ਯਾਨੀ ਪਹਿਲੇ ਪੜਾਅ ਦਾ ਕਾਰਜ ਪੂਰਾ ਹੋ ਗਿਆ। ਇਸਦੇ ਤਤਕਾਲ ਬਾਅਦ ਹੀ, ਫਿਨਲੈਂਡ ਦੇ ਸਮਾਜਿਕ ਜਮਹੂਰੀਅਤ-ਪਸੰਦਾਂ ਨੇ ਉੱਥੇ ਮਜ਼ਦੂਰ ਇਨਕਲਾਬ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਕਿਉਂਕਿ ਫਿਨਲੈਂਡ ‘ਚ ਸਰਮਾਏਦਾਰਾ ਪੈਦਾਵਾਰੀ ਸੰਬੰਧ ਪਹਿਲਾਂ ਹੀ ਪ੍ਰਧਾਨ ਬਣ ਚੁੱਕੇ ਸੀ ਅਤੇ ਕੌਮੀ ਜਬਰ ਦਾ ਸਵਾਲ ਹੱਲ ਹੁੰਦੇ ਹੀ ਕੌਮੀ ਜਮਹੂਰੀ ਇਨਕਲਾਬ ਦਾ ਕਾਰਜ ਪੂਰਾ ਹੋਇਆ ਅਤੇ ਰਾਜਸੱਤਾ ਦੇ ਜਮਹੂਰੀ ਰੂਪਾਂਤਰਨ ਦਾ ਸਵਾਲ ਹੱਲ ਹੋ ਗਿਆ। ਇਸੇ ਕਰਕੇ ਉੱਥੇ ਤਤਕਾਲ ਹੀ ਸਮਾਜਵਾਦੀ ਇਨਕਲਾਬ ਦਾ ਸੰਘਰਸ਼ ਵੀ ਸ਼ੁਰੂ ਹੋ ਗਿਆ। ਇਸ ਕੋਸ਼ਿਸ਼ ਦੇ ਜਵਾਬ ‘ਚ ਫਿਨਿਸ਼ ਬੁਰਜੂਆਜੀ ਨੇ ਜਬਰ ਕੀਤਾ ਅਤੇ ਉਸ ਵਿੱਚ ਜਰਮਨ ਸਾਮਰਾਜਵਾਦੀਆਂ ਦੀ ਵੀ ਮਦਦ ਲਈ। ਇੱਕ ਭਿਅੰਕਰ ਘਰੇਲੂ ਜੰਗ ਤੋਂ ਬਾਅਦ ਅਖੀਰ ‘ਚ ਫਿਨਲੈਂਡ ‘ਚ ਬੁਰਜੂਆਜੀ ਦੀ ਜਿੱਤ ਹੋਈ ਅਤੇ ਇੱਕ ਬੁਰਜੂਆ ਗਣਰਾਜ ਦੀ ਸਥਾਪਨਾ ਹੋਈ ਅਤੇ ਉਸਦੇ ਸੋਵੀਅਤ ਸੰਘ ਨਾਲ ਸੰਬੰਧ ਵੀ ਬਹਾਲ ਹੋਏ।
ਟ੍ਰਾਂਸਕਾਕੇਸ਼ੀਆ: ਜਾਰਜੀਆ, ਆਰਮੀਨੀਆ, ਅਜਰਬੈਜਾਨ ‘ਚ ਜਮਹੂਰੀ ਗਣਰਾਜਾਂ ਦੀ ਸਥਾਪਨਾ
ਇਸੇ ਤਰ੍ਹਾਂ 1922 ‘ਚ ਟ੍ਰਾਂਸਕਾਕੇਸ਼ੀਆ ‘ਚ ਕੀ ਹਾਲਤ ਸੀ, ਉਸਦਾ ਵੀ ਜਾਇਜਾ ਲੈ ਲੈਂਦੇ ਹਾਂ। ਟ੍ਰਾਂਸਕਾਕੇਸ਼ੀਆ ‘ਚ ਤਿੰਨ ਕੌਮਾਂ ਸਨ: ਜਾਰਜੀਆ, ਆਰਮੀਨੀਆ ਅਤੇ ਅਜਰਬੈਜਾਨ।
ਆਰਮੀਨੀਆ ‘ਚ ਰੂਸੀ ਇਨਕਲਾਬ ਦੇ ਠੀਕ ਬਾਅਦ ਇੱਕ ਜਮਹੂਰੀ ਗਣਰਾਜ ਹੋਂਦ ‘ਚ ਆਇਆ, ਜਿਸਨੂੰ ਪਹਿਲੇ ਗਣਰਾਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ 1918 ਤੋਂ 1920 ਤੱਕ ਮੌਜੂਦ ਰਿਹਾ। ਇਸਦੇ ਨਾਲ ਹੀ ਆਰਮੀਨੀਆ ‘ਚ ਕੌਮੀ ਜਮਹੂਰੀ ਇਨਕਲਾਬ ਦਾ ਕਾਰਜ ਪੂਰਾ ਹੋ ਗਿਆ। ਇਸ ਮਗਰੋਂ ਉੱਥੇ ਬਾਲਸ਼ੈਵਿਕ ਸੱਤਾ ‘ਚ ਆਏ ਅਤੇ 1920 ‘ਚ ਉੱਥੇ ਸਮਾਜਵਾਦੀ ਗਣਰਾਜ ਦੀ ਸਥਾਪਨਾ ਹੋਈ। ਇਸ ਪ੍ਰਕਿਰਿਆ ‘ਚ ਘਰੇਲੂ ਜੰਗ ਦੀ ਵੀ ਇੱਕ ਭੂਮਿਕਾ ਸੀ, ਕਿਉਂਕਿ ਕਈ ਬੁਰਜੂਆ ਗਣਰਾਜ ਜੋ ਕਿ ਰੂਸੀ ਇਨਕਲਾਬ ਤੋਂ ਬਾਅਦ ਵੱਖ-ਵੱਖ ਪਸਿੱਤੀਆਂ ਕੌਮਾਂ ‘ਚ ਹੋਂਦ ‘ਚ ਆਏ ਸਨ, ਉਹ ਸੋਵੀਅਤ ਸੱਤਾ ਦੇ ਖਿਲਾਫ਼ ਸਨ ਅਤੇ ਘਰੇਲੂ ਜੰਗ ‘ਚ ਉਸਦੇ ਵਿਰੁੱਧ ਲੜ ਰਹੇ ਸਨ। ਇਸਦੇ ਨਾਲ ਹੀ, ਇਨ੍ਹਾਂ ਗਣਰਾਜਾਂ ਦੇ ਅੰਦਰ ਵੀ ਮਜ਼ਦੂਰ ਜਮਾਤ ਅਤੇ ਗ਼ਰੀਬ ਕਿਸਾਨ ਕਮਿਊਨਿਸਟਾਂ ਦੀ ਅਗਵਾਈ ‘ਚ ਬੁਰਜੂਆ ਰਾਜਸੱਤਾ ਦੇ ਵਿਰੁੱਧ ਲੜ ਰਹੇ ਸਨ। ਘਰੇਲੂ ਜੰਗ ‘ਚ ਲਾਲ ਫੌਜ ਨੇ ਜਦ ਇਨ੍ਹਾਂ ਦੇਸ਼ਾਂ ਨੂੰ ਹਰਾਇਆ, ਤਾਂ ਬੁਰਜੂਆ ਸੱਤਾ ਬਹੁਤ ਹੀ ਕਮਜੋਰ ਹੋ ਗਈ ਜਾਂ ਉਨ੍ਹਾਂ ਦਾ ਨਿਘਾਰ ਹੋ ਗਿਆ ਅਤੇ ਕਮਿਊਨਿਸਟਾਂ ਨੇ ਸਮਾਜਵਾਦੀ ਸੋਵੀਅਤ ਗਣਰਾਜ ਦੀ ਉਸਾਰੀ ਕੀਤੀ।
ਇਸੇ ਤਰ੍ਹਾਂ ਅਜਰਬੈਜਾਨ ‘ਚ ਵੀ ਅਕਤੂਬਰ ਇਨਕਲਾਬ ਦੇ ਤੁਰੰਤ ਬਾਅਦ ਕੌਮੀ ਅਜਾਦੀ ਮਿਲਣ ਦੇ ਨਾਲ ਬੁਰਜੂਆ ਜਮਹੂਰੀ ਗਣਰਾਜ ਹੋਂਦ ‘ਚ ਆਇਆ ਜੋ ਕਿ 1920 ਤੱਕ ਕਾਇਮ ਰਿਹਾ। ਇਸਦੇ ਨਾਲ ਹੀ ਕੌਮੀ ਜਮਹੂਰੀ ਕਾਰਜ ਇੱਥੇ ਪੂਰਾ ਹੋ ਗਿਆ। ਇਸਨੂੰ ਅਜਰਬੈਜਾਨ ਜਮਹੂਰੀ ਗਣਰਾਜ ਦੇ ਨਾਂ ਨਾਲ ਜਾਣਿਆ ਗਿਆ। ਇਸਦੀ ਬੁਰਜੂਆ ਸਰਕਾਰ ਨੇ ਵੀ ਘਰੇਲੂ ਜੰਗ ਦੌਰਾਨ ਆਪਣੇ ਦੇਸ਼ ਦੇ ਬਾਲਸ਼ੈਵਿਕਾਂ ਮੂਹਰੇ ਹਥਿਆਰ ਸੁੱਟ ਦਿੱਤੇ, ਕਿਉਂਕਿ ਲਾਲ ਫੌਜ ਦੇ ਸਾਹਮਣੇ ਵੀ ਉਨ੍ਹਾਂ ਦੀ ਹਾਰ ਹੋ ਰਹੀ ਸੀ।
ਜਾਰਜੀਆ ‘ਚ ਅਕਤੂਬਰ ਇਨਕਲਾਬ ਤੋਂ ਬਾਅਦ ਜਾਰਜੀਆ ਦਾ ਜਮਹੂਰੀ ਗਣਰਾਜ ਹੋਂਦ ‘ਚ ਆਇਆ ਜੋ ਕਿ ਮਈ 1918 ਤੋਂ ਫ਼ਰਵਰੀ 1921 ਤੱਕ ਕਾਇਮ ਰਿਹਾ। ਇੱਥੇ ਰਾਜਸੱਤਾ ਜਾਰਜੀਆ ਦੇ ਮੈਨਸ਼ੈਵਿਕਾਂ ਦੇ ਹੱਥ ਆਈ, ਜੋ ਕਿ ਆਪਣੇ ਆਪ ਨੂੰ ਜਾਰਜੀਅਨ ਸਮਾਜਿਕ ਜਮਹੂਰੀ ਪਾਰਟੀ ਜਾਂ ਜਾਰਜੀਅਨ ਮੈਨਸ਼ੈਵਿਕ ਪਾਰਟੀ ਕਹਿੰਦੇ ਸਨ। ਇੱਥੇ ਵੀ ਇਸਦੇ ਨਾਲ ਹੀ ਕੌਮੀ ਅਜਾਦੀ ਦਾ ਕਾਰਜ, ਯਾਨੀ ਕੌਮੀ ਜਮਹੂਰੀ ਇਨਕਲਾਬ ਦਾ ਕਾਰਜ ਪੂਰਾ ਹੋ ਗਿਆ ਅਤੇ ਉਸ ਮਗਰੋਂ ਇਹ ਦੇਸ਼ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਦਾਖਲ ਹੋ ਚੁੱਕਾ ਸੀ। ਘਰੇਲੂ ਜੰਗ ‘ਚ ਇਸਨੇ ਵੀ ਸੋਵੀਅਤ ਰੂਸ ਦੇ ਵਿਰੁੱਧ ਪੋਜੀਸ਼ਨ ਲਈ ਸੀ। ਅੱਗੇ ਇਸਦਾ ਵੀ 1921 ‘ਚ ਨਿਘਾਰ ਹੋ ਗਿਆ ਅਤੇ ਉਸਦੀ ਥਾਂ ‘ਤੇ ਬਾਲਸ਼ੈਵਿਕਾਂ ਦੇ ਅਗਵਾਈ ‘ਚ ਸਮਾਜਵਾਦੀ ਗਣਰਾਜ ਦੀ ਸਥਾਪਨਾ ਹੋਈ। ਪਰ ਤਦ ਵੀ ਉਹ ਤਤਕਾਲ ਸੋਵੀਅਤ ਰੂਸ ਦੇ ਨਾਲ ਸੰਘ ਜਾਂ ਸੰਘੀ ਯੂਨੀਅਨ ‘ਚ ਸ਼ਾਮਲ ਨਹੀਂ ਹੋਇਆ। ਉਸ ਤੋਂ ਬਾਅਦ, ਟ੍ਰਾਂਸਕਾਕੇਸ਼ੀਆ ਦੇ ਤਿੰਨਾਂ ਨਵੇਂ ਬਣੇ ਸਮਾਜਵਾਦੀ ਗਣਰਾਜਾਂ ਨੇ 12 ਮਾਰਚ 1922 ਨੂੰ ਟ੍ਰਾਂਸਕਾਕੇਸ਼ੀਅਨ ਸੋਵੀਅਤ ਫੈਡਰਲ ਸੋਸ਼ਲਿਸਟ ਰਿਪਬਲਿਕ ਬਣਾਈ, ਕਿਉਂਕਿ ਇਨ੍ਹਾਂ ਕੌਮਾਂ ਦੀ ਬਹੁਗਿਣਤੀ ਹਾਲੇ ਤਤਕਾਲ ਯੂਨੀਅਨ ਦੇ ਰੂਪ ਲਈ ਤਿਆਰ ਨਹੀਂ ਸੀ।
ਬਾਅਦ ‘ਚ 1922 ‘ਚ ਹੀ ਇਹ ਸੰਘ ਸੋਵੀਅਤ ਰੂਸ (ਆਰ.ਐਸ.ਐਫ.ਐਸ.ਆਰ.) ਦੇ ਨਾਲ ਮਿਲਿਆ ਅਤੇ ਉਸਨੇ ਸੋਵੀਅਤ ਸੰਘ (ਯੂ.ਐਸ.ਐਸ.ਆਰ.) ਦੀ ਸਥਾਪਨਾ ਕੀਤੀ।
ਬੇਲਾਰੂਸ
ਹੁਣ ਗੱਲ ਕਰਦੇ ਹਾਂ ਬੇਲਾਰੂਸ ਦੀ ਉਦਾਹਰਨ ਦੀ। ਬੇਲਾਰੂਸ ‘ਚ ਅਕਤੂਬਰ ਇਨਕਲਾਬ ਤੋਂ ਬਾਅਦ 1918 ਦੀ ਸ਼ੁਰੂਆਤ ‘ਚ ਬੇਲਾਰੂਸੀ ਲੋਕਾਈ ਦੇ ਗਣਰਾਜ/ਬੇਲਾਰੂਸੀ ਕੌਮੀ ਗਣਰਾਜ ਦੀ ਸਥਾਪਨਾ ਹੋਈ। ਇਸਦੇ ਨਾਲ ਹੀ, ਬੇਲਾਰੂਸ ‘ਚ ਵੀ ਕੌਮੀ ਅਜਾਦੀ ਯਾਨੀ ਕੌਮੀ ਜਮਹੂਰੀ ਇਨਕਲਾਬ ਦਾ ਪੜਾਅ ਪੂਰਾ ਹੋ ਗਿਆ। ਇਸ ਮਗਰੋਂ 1919 ‘ਚ ਬੇਲਾਰੂਸ ‘ਚ ਬੇਲਾਰੂਸ ਦੇ ਬਾਲਸ਼ੈਵਿਕਾਂ ਨੇ ਸੱਤਾ ‘ਤੇ ਕਬਜਾ ਕੀਤਾ ਅਤੇ ਉੱਥੇ ਬੇਲਾਰੂਸੀ ਸੋਵੀਅਤ ਸਮਾਜਵਾਦੀ ਗਣਰਾਜ ਦੀ ਸਥਾਪਨਾ ਕੀਤੀ ਜੋ ਕਿ ਬਾਅਦ ‘ਚ ਸੋਵੀਅਤ ਸੰਘ ‘ਚ ਸ਼ਾਮਲ ਹੋਇਆ।
ਯੂਕਰੇਨ
ਹੁਣ ਗੱਲ ਕਰਦੇ ਹਾਂ ਯੂਕਰੇਨ ਦੀ। ਯੂਕਰੇਨ ‘ਚ ਫ਼ਰਵਰੀ ਇਨਕਲਾਬ ਤੋਂ ਬਾਅਦ ਯੂਕਰੇਨੀ ਅਜਾਦੀ ਅਤੇ ਯੂਕਰੇਨੀ ਗਣਰਾਜ ਸਥਾਪਤ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ। ਸਿੱਟੇ ਵਜੋਂ, ਅਕਤੂਬਰ ਇਨਕਲਾਬ ਤੋਂ ਬਾਅਦ ਅਤੇ ਘਰੇਲੂ ਜੰਗ ਦੌਰਾਨ ਉੱਥੇ ਬੁਰਜੂਆ ਜਮਹੂਰੀ ਸੱਤਾ ਹੋਂਦ ‘ਚ ਵੀ ਆਈ। ਇਸ ਬੁਰਜੂਆ ਸੱਤਾ ਦੇ ਯੂਕਰੇਨੀ ਗਣਰਾਜ ਦੀ ਸੱਤਾ ਹੋਣ ਦੇ ਦਾਅਵੇ ਨੂੰ ਸ਼ੁਰੂਆਤ ‘ਚ ਸੋਵੀਅਤ ਸੱਤਾ ਨੇ ਖਾਰਜ ਨਹੀਂ ਕੀਤਾ। ਇਸਦਾ ਨਾਮ ਸੀ ਯੂਕਰੇਨੀ ਲੋਕਾਈ ਦਾ ਜਮਹੂਰੀ ਗਣਰਾਜ (ਯੂਕਰੇਨੀਅਨ ਪੀਪੁਲਸ ਰਿਪਬਲਿਕ), ਜੋ ਕਿ ਅਸਲ ‘ਚ ਕੌਮੀ ਜਮਹੂਰੀ ਗਣਰਾਜ ਸੀ, ਜਿਸਦਾ ਕੇਂਦਰ ਯੂਕਰੇਨ ਦੀ ਰਾਜਧਾਨੀ ਕਿਏਵ ‘ਚ ਸੀ ਅਤੇ ਜਿਸਨੂੰ ਦੁਨੀਆਂ ਦੀਆਂ ਸਾਰੀਆਂ ਸਰਮਾਏਦਾਰਾ ਸੱਤਾਵਾਂ ਨੇ ਬ੍ਰੇਸਤ-ਲਿਤੋਵਸਕ ਦੇ ਸਮਝੌਤੇ ਤੋਂ ਬਾਅਦ ਮਾਨਤਾ ਦਿੱਤੀ ਸੀ। ਪਰ ਜਲਦ ਹੀ ਬਾਲਸ਼ੈਵਿਕਾਂ ਨੇ ਵੀ ਮਜ਼ਦੂਰਾਂ, ਕਿਸਾਨਾਂ ਅਤੇ ਫੌਜੀਆਂ ਨੂੰ ਸੋਵੀਅਤਾਂ ਦੇ ਤਹਿਤ ਜੱਥੇਬੰਦ ਕਰਨ ਦਾ ਕੰਮ ਹੱਥ ਲਿਆ, ਜਿਸ ਪ੍ਰਕਿਰਿਆ ਦਾ ਅਖੀਰ ‘ਚ ਨਤੀਜਾ ਸੀ ਯੂਕਰੇਨੀ ਸੋਵੀਅਤ ਗਣਰਾਜ ਦੀ ਸਥਾਪਨਾ, ਜੋ ਕਿ ਖੁਦ ਇੱਕ ਲੋਕਾਈ ਦਾ ਜਮਹੂਰੀ ਗਣਰਾਜ ਹੀ ਸੀ ਅਤੇ ਜਿਸਦਾ ਕੇਂਦਰ ਖਾਰਕੋਵ ‘ਚ ਸੀ। ਇਸ ਯੂਕਰੇਨੀ ਸੋਵੀਅਤ ਗਣਰਾਜ ਨੇ ਆਪਣੇ ਆਪ ਨੂੰ ਸਮਾਜਵਾਦੀ ਸੋਵੀਅਤ ਗਣਰਾਜ ਦੋ ਸਾਲ ਬਾਅਦ ਸਿਰਫ਼ 1919 ‘ਚ ਐਲਾਨਿਆ। ਘਰੇਲੂ ਜੰਗ ਦੇ ਦੌਰਾਨ ਇਨ੍ਹਾਂ ਦੋਹਾਂ ਸੱਤਾਵਾਂ ਵਿਚਕਾਰ ਤਿੱਖੀ ਭੇੜ ਹੋਈ, ਜੋ ਕਿ ਸੋਵੀਅਤ ਸੱਤਾ ਦੇ ਵਿਰੁੱਧ ਜੰਗ ਅਤੇ ਜਾਰੀ ਘਰੇਲੂ ਜੰਗ ਦਾ ਹੀ ਅੰਗ ਸੀ। ਜਰਮਨ ਫੌਜਾਂ ਇਸ ਭੇੜ ‘ਚ ਯੂਕਰੇਨੀ ਬੁਰਜੂਆ ਸੱਤਾ ਨੂੰ ਪੂਰੀ ਜੰਗੀ ਮਦਦ ਪਹੁੰਚਾ ਰਹੀਆਂ ਸਨ। ਜਮਾਤੀ ਜੰਗ ਦੀ ਇਸ ਪ੍ਰਕਿਰਿਆ ‘ਚ ਯੂਕਰੇਨ ਦੇ ਬੁਰਜੂਆ ਜਮਹੂਰੀ ਗਣਰਾਜ ਦਾ ਨਿਘਾਰ ਹੋਇਆ ਅਤੇ ਉਹ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ ਦਾ ਅੰਗ ਬਣ ਗਿਆ। ਉੱਥੇ ਹੀ ਦੂਜੇ ਪਾਸੇ, ਪੱਛਮੀ ਯੂਕਰੇਨ ਨੂੰ ਦੂਜੇ ਪੋਲਿਸ਼ ਗਣਰਾਜ ਨੇ ਹਥਿਆ ਲਿਆ ਸੀ, ਜੋ ਕਿ ਖੁਦ ਹੀ ਅਕਤੂਬਰ ਇਨਕਲਾਬ ਤੋਂ ਬਾਅਦ ਹੋਂਦ ‘ਚ ਆਇਆ ਸੀ। ਨਵਾਂ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ ਵੀ ਸੋਵੀਅਤ ਸੰਘ ‘ਚ ਸ਼ਾਮਲ ਹੋਇਆ।
ਹੋਰ ਪਸਿੱਤੀਆਂ ਕੌਮਾਂ : ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਤਾਜਿਕੀਸਤਾਨ, ਕਜਾਕਿਸਤਾਨ, ਲਿਥੁਆਨੀਆ, ਲਾਤਵੀਆ, ਐਸਤੋਨੀਆ, ਆਦਿ
ਹੁਣ ਆਪਾਂ ਹੋਰਨਾਂ ਪਸਿੱਤੀਆਂ ਕੌਮਾਂ ਦੇ ਨਾਲ ਅਕਤੂਬਰ ਇਨਕਲਾਬ ਤੋਂ ਬਾਅਦ ਕੀ ਵਾਪਰਿਆ ਇਸ ‘ਤੇ ਵੀ ਇੱਕ ਨਿਗਾਹ ਮਾਰ ਲੈਂਦੇ ਹਾਂ। ਬਾਕੀ ਸਾਰੀਆਂ ਪਸਿੱਤੀਆਂ ਕੌਮਾਂ ‘ਚ ਵੀ ਅਕਤੂਬਰ ਇਨਕਲਾਬ ਤੋਂ ਤਤਕਾਲ ਬਾਅਦ ਲੋਕਾਈ ਦੇ ਜਮਹੂਰੀ ਗਣਰਾਜ ਜਾਂ ਬੁਰਜੂਆ ਜਮਹੂਰੀ ਗਣਰਾਜ ਹੀ ਹੋਂਦ ‘ਚ ਆਏ। ਬਾਅਦ ‘ਚ ਵੱਖ-ਵੱਖ ਸਮੇਂ ‘ਤੇ ਇਨ੍ਹਾਂ ਦੇਸ਼ਾਂ ‘ਚ ਸਮਾਜਵਾਦੀ ਗਣਰਾਜ ਸੱਤਾ ‘ਚ ਆਏ ਅਤੇ ਉਹ ਸੋਵੀਅਤ ਸੰਘ ‘ਚ ਸ਼ਾਮਲ ਹੋਏ।
ਤੁਰਕਮਾਨ ਅਤੇ ਉਜ਼ਬੇਕ ਜਮਹੂਰੀ ਗਣਰਾਜ 1924 ਤੱਕ ਸਨ, ਜਿਸ ਤੋਂ ਬਾਅਦ ਉੱਥੇ ਸਮਾਜਵਾਦੀ ਗਣਰਾਜਾਂ ਦੀ ਸਥਾਪਨਾ ਹੋਈ; ਤਾਜਿਕ ਸਮਾਜਵਾਦੀ ਗਣਰਾਜ 1929 ‘ਚ ਬਣਿਆ; ਕਜਾਕਿਸਤਾਨ ਅਤੇ ਕਿਰਗੀਸਤਾਨ ‘ਚ ਸਮਾਜਵਾਦੀ ਗਣਰਾਜ 1936 ‘ਚ। ਹਾਲਾਂਕਿ 1920-21 ਤੋਂ ਹੀ ਇਨ੍ਹਾਂ ਵੱਖ-ਵੱਖ ਖੇਤਰਾਂ ਨੂੰ RSFSR ਦੀਆਂ ਖੁਦਮੁਖਤਿਆਰ ਇਕਾਈਆਂ ‘ਚ ਗਠਿਤ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ।
ਕਾਰੋਲੋ ਫਿਨਿਸ਼, ਮਾਲਦੋਵੀਆਈ, ਲਿਥੁਆਨੀਆਈ ਸਮਾਜਵਾਦੀ ਗਣਰਾਜਾਂ ਦੀ ਸਥਾਪਨਾ 1940 ‘ਚ ਹੋਈ ਜਿਨ੍ਹਾਂ ਤੋਂ ਪਹਿਲਾਂ ਉੱਥੇ ਜਮਹੂਰੀ ਗਣਰਾਜ ਮੌਜੂਦ ਸਨ। ਐਸਤੋਨੀਆਈ ਸਮਾਜਵਾਦੀ ਗਣਰਾਜ 21 ਜੁਲਾਈ 1940 ‘ਚ ਹੋਂਦ ‘ਚ ਆਇਆ ਜਿਸ ਤੋਂ ਪਹਿਲਾਂ ਉੱਥੇ ਬੁਰਜੂਆ ਜਮਹੂਰੀ ਗਣਰਾਜ ਮੌਜੂਦ ਸੀ।
ਇਸੇ ਤਰ੍ਹਾਂ ਲਾਤਵੀਆਈ ਸਮਾਜਵਾਦੀ ਗਣਰਾਜ ਦੀ ਸਥਾਪਨਾ 1940 ‘ਚ ਹੋਈ ਸੀ, ਜਿਸ ਤੋਂ ਪਹਿਲਾਂ ਉੱਥੇ ਅਕਤੂਬਰ ਇਨਕਲਾਬ ਦੇ ਬਾਅਦ ਤੋਂ ਹੀ ਬੁਰਜੂਆ ਜਮਹੂਰੀ ਗਣਰਾਜ ਮੌਜੂਦ ਸੀ। 1918-19 ਦੇ ਦੌਰ ‘ਚ ਕੁਝ ਸਮੇਂ ਲਈ ਇਨ੍ਹਾਂ ਬਾਲਟਿਕ ਦੇਸ਼ਾਂ ‘ਚ ਸੋਵੀਅਤ ਗਣਰਾਜ ਐਲਾਨੇ ਗਏ ਸੀ, ਪਰ ਇਸਦੇ ਤੁਰੰਤ ਬਾਅਦ ਹੀ ਉੱਥੇ ਬੁਰਜੂਆ ਗਣਰਾਜਾਂ ਦੀ ਸਥਾਪਨਾ ਹੋ ਗਈ ਸੀ, ਜਿਸ ਵਿੱਚ ਸਾਮਰਾਜਵਾਦੀ ਦੇਸ਼ਾਂ ਦੇ ਦਖ਼ਲ ਦੀ ਅਹਿਮ ਭੂਮਿਕਾ ਸੀ।
ਪਰ ਇਨ੍ਹਾਂ ਸਾਰੀਆਂ ਕੌਮਾਂ ‘ਚ ਪਹਿਲਾਂ ਕੌਮੀ ਜਮਹੂਰੀ ਇਨਕਲਾਬ ਦਾ ਸਵਾਲ ਹੱਲ ਹੋਇਆ, ਕਿਸੇ ਨਾ ਕਿਸੇ ਕਿਸਮ ਦੀ ਜਮਹੂਰੀ ਸੱਤਾ ਅਤੇ ਜਮਹੂਰੀ ਗਣਰਾਜ ਹੋਂਦ ‘ਚ ਆਏ ਅਤੇ ਬਾਅਦ ‘ਚ ਵੱਖ-ਵੱਖ ਪ੍ਰਕਿਰਿਆਵਾਂ ਰਾਹੀਂ ਉੱਥੇ ਚੱਲ ਰਹੇ ਅੰਦਰੂਨੀ ਜਮਾਤੀ ਘੋਲ ਅਤੇ ਕੌਮਾਂਤਰੀ ਜਮਾਤੀ ਘੋਲ ਤੋਂ ਪੈਦਾ ਹੋਏ ਸੰਧੀ-ਬਿੰਦੁਆਂ ‘ਤੇ ਸਮਾਜਵਾਦੀ ਗਣਰਾਜ ਹੋਂਦ ‘ਚ ਆਏ ਅਤੇ ਇਹ ਪ੍ਰਕਿਰਿਆ 1921 ਤੋਂ 1940 ਤੱਕ ਜਾਰੀ ਰਹੀ।
ਪੂਰਬੀ ਸਰਹੱਦੀ ਖੇਤਰ ਦੀਆਂ ਪਸਿੱਤੀਆਂ ਕੌਮਾਂ: ਖੀਵਾ, ਬੁਖਾਰਾ, ਤੁਰਕੇਸਤਾਨ, ਬਸ਼ਕੀਰ, ਤਾਤਾਰ, ਆਦਿ
ਰੂਸ ਦੇ ਪੂਰਬੀ ਸਰਹੱਦੀ ਖੇਤਰਾਂ ‘ਚ ਵੱਖ-ਵੱਖ ਪਸਿੱਤੀਆਂ ਕੌਮਾਂ ਦੇ ਦੇਸ਼ ‘ਚ ਵੀ ਕਈ ਥਾਂਈਂ ਬੁਰਜੂਆ ਕੌਮੀ ਜਮਹੂਰੀ ਸੱਤਾਵਾਂ ਹੀ ਹੋਂਦ ‘ਚ ਆਈਆਂ ਸੀ। ਇਨ੍ਹਾਂ ਚੋਂ ਕਈ ਤਾਂ ਅਕਤੂਬਰ ਇਨਕਲਾਬ ਤੋਂ ਪਹਿਲਾਂ ਹੀ ਹੋਂਦ ‘ਚ ਆਈਆਂ ਸੀ, ਯਾਨੀ ਫ਼ਰਵਰੀ ਇਨਕਲਾਬ ਤੋਂ ਬਾਅਦ। ਇਨ੍ਹਾਂ ਚੋਂ ਕਿਸੇ ‘ਚ ਵੀ ਅਕਤੂਬਰ ਇਨਕਲਾਬ ਦੇ ਤਤਕਾਲ ਬਾਅਦ ਸਮਾਜਵਾਦੀ ਗਣਰਾਜ ਹੋਂਦ ‘ਚ ਨਹੀਂ ਆਇਆ ਸੀ ਅਤੇ ਹਰੇਕ ਥਾਂ ‘ਤੇ ਜਾਂ ਤਾਂ ਬੁਰਜੂਆ ਕੌਮੀ ਜਮਹੂਰੀ ਸੱਤਾਵਾਂ ਹੋਂਦ ‘ਚ ਆਈਆਂ, ਜਾਂ ਕਾਫੀ ਸਮੇਂ ਤੱਕ ਘਰੇਲੂ ਜੰਗ ਜਿਹੀ ਹਾਲਤ ਬਣੀ ਰਹੀ।
ਪੂਰਬ ਦੇ ਸਰਹੱਦੀ ਇਲਾਕਿਆਂ ‘ਚ 1905 ਦੇ ਇਨਕਲਾਬ ਤੋਂ ਬਾਅਦ ਤੋਂ ਹੀ ਭਰੂਣ ਰੂਪ ‘ਚ ਕੌਮੀ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਸੀ। ਇਨ੍ਹਾਂ ‘ਚ ਮੁੱਖ ਤੌਰ ‘ਤੇ ਤਾਤਾਰ, ਬਸ਼ਕੀਰ, ਕਜਾਖ ਆਦਿ ਭਾਈਚਾਰੇ ਪ੍ਰਮੁੱਖ ਸਨ ਜੋ ਪਹਿਲਾਂ ਖਾਨਾਬਦੋਸ਼ ਭਾਈਚਾਰੇ ਸਨ। ਇਨ੍ਹਾਂ ਤੋਂ ਇਲਾਵਾ ਖੀਵਾ, ਬੁਖਾਰਾ, ਤੁਰਕੇਸਤਾਨ, ਜਿੱਥੇ ਮੁਕਾਬਲਤਨ ਜਿਆਦਾ ਵਸੀ ਹੋਈ ਅਬਾਦੀ ਰਹਿੰਦੀ ਸੀ, ਉੱਥੇ ਵੀ ਕੌਮੀ ਜਾਗ ਦੀ ਸ਼ੁਰੂਆਤ ਇਸੇ ਦੌਰ ‘ਚ ਹੁੰਦੀ ਹੈ। ਇਨ੍ਹਾਂ ਸਾਰੇ ਇਲਾਕਿਆਂ ‘ਚ ਬਹੁਗਿਣਤੀ ਮੁਸਲਮਾਨਾਂ ਦੀ ਸੀ।
1917 ਤੱਕ ਇਨ੍ਹਾਂ ਚੋਂ ਕਈ ਭਾਈਚਾਰੇ ਕੌਮੀ ਅਜਾਦੀ ਨਹੀਂ ਸਗੋਂ ਕੌਮੀ ਖੁਦਮੁਖਤਿਆਰੀ ਹੀ ਮੰਗ ਰਹੇ ਸਨ। ਮਈ ਤੋਂ ਜੁਲਾਈ 1917 ਆਪਣੀ ਵੱਖ-ਵੱਖ ਕਾਂਗਰਸ ‘ਚ ਤਾਤਾਰ, ਬਸ਼ਕੀਰ, ਕਜਾਖ਼ ਅਤੇ ਕਈ ਹੋਰ ਬਹੁਤ ਹੀ ਛੋਟੀਆਂ ਕੌਮੀਅਤਾਂ ਜਿਵੇਂ ਕਿ ਮਾਰੀ, ਵੋਤਿਆਕ, ਚੁਵਾਸ਼ ਆਦਿ ਵੀ ਇਸ ਤਰ੍ਹਾਂ ਦੀ ਖੁਦਮੁਖਤਿਆਰੀ ਦੀਆਂ ਮੰਗਾਂ ਚੁੱਕ ਰਹੀਆਂ ਸਨ। ਇਨ੍ਹਾਂ ਵੱਖ-ਵੱਖ ਕੌਮੀਅਤਾਂ ਦੀ ਕੌਮੀ ਲਹਿਰ ‘ਤੇ ਮੁਫ਼ਤੀਆਂ, ਮੁੱਲਾਵਾਂ, ਬੇਗਾਂ, ਇਮਾਮਾਂ, ਖਾਨਾਂ ਦੀ ਨਾ ਸਿਰਫ਼ ਵਿਚਾਰਕਰਨਯੋਗ ਪਕੜ ਸੀ ਸਗੋਂ ਇਨ੍ਹਾਂ ਦਾ ਸਿਆਸੀ ਦਖ਼ਲ ਵੀ ਸੀ।
ਫ਼ਰਵਰੀ ਅਤੇ ਅਕਤੂਬਰ ਇਨਕਲਾਬ ਦੇ ਵਕਫੇ ‘ਚ ਅਤੇ ਅਕਤੂਬਰ ਇਨਕਲਾਬ ਤੋਂ ਬਾਅਦ ਵੀ ਪੂਰਬ ਦੇ ਇਨ੍ਹਾਂ ਖੇਤਰਾਂ ‘ਚ ਕਈ “ਬੁਰਜੂਆ” ਕੌਮੀ ਸਰਕਾਰਾਂ ਹੋਂਦ ‘ਚ ਆਈਆਂ ਸਨ। ਉਦਾਹਰਨ ਲਈ, ਅਕਤੂਬਰ ਇਨਕਲਾਬ ਤੋਂ ਤੁਰੰਤ ਬਾਅਦ ਵਾਲਿਦੋਵ ਨਾਂ ਦੇ ਸ਼ਖਸ ਦੀ ਅਗਵਾਈ ‘ਚ ਇੱਕ ਬਸ਼ਕੀਰ ਸਰਕਾਰ ਹੋਂਦ ‘ਚ ਆਈ ਜਿਸਨੇ ਖੁਦਮੁਖਤਿਆਰ ਬਸ਼ਕੀਰ ਰਾਜ ਦਾ ਐਲਾਨ ਵੀ ਕਰ ਦਿੱਤਾ ਸੀ। ਅਜਿਹੀ ਹੀ ਇੱਕ ਖੁਦਮੁਖਤਿਆਰ ਬੁਰਜੂਆ ਕੌਮੀ ਸਰਕਾਰ ਤਾਤਾਰਾਂ ਵਿਚਕਾਰ ਵੀ ਬਣੀ। ਇਹ ਸਭ ਕੌਮੀ ਜਮਹੂਰੀ ਸੱਤਾਵਾਂ ਸਨ, ਨਾ ਕਿ ਸਮਾਜਵਾਦੀ ਸੱਤਾਵਾਂ ਅਤੇ ਗਣਰਾਜ।
ਇਸਦੇ ਤੁਰੰਤ ਬਾਅਦ ਹੀ ਮਾਰਚ 1918 ‘ਚ ਇਨ੍ਹਾਂ ਦੋਹਾਂ ਸਰਕਾਰਾਂ ਨੂੰ ਸੋਵੀਅਤ ਸੱਤਾ ਨੇ ਭੰਗ ਕਰ ਦਿੱਤਾ ਅਤੇ “ਰੂਸੀ ਸੋਵੀਅਤ ਫੈਡਰੇਸ਼ਨ ਦੇ ਤਾਤਾਰ-ਬਸ਼ਕੀਰ ਸੋਵੀਅਤ ਗਣਰਾਜ” ਦੇ ਗਠਨ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਚੁਵਾਸ਼ ਅਤੇ ਮਾਰੀ ਕੌਮੀਅਤਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਸੀ। ਇਹ ਵੀ ਕੁਝ ਹੋਰ ਨਹੀਂ ਲੋਕਾਈ ਦੇ ਜਮਹੂਰੀ ਗਣਰਾਜਾਂ ਦੀ ਸਥਾਪਨਾ ਹੀ ਸੀ। ਇਸ ਤੋਂ ਬਾਅਦ ਵੀ ਕਈ ਬਾਲਸ਼ੈਵਿਕ-ਵਿਰੋਧੀ ਤਾਕਤਾਂ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਅਤੇ ਘਰੇਲੂ ਜੰਗ ਦੇ ਪੂਰੇ ਦੌਰ ‘ਚ ਇਹ ਪ੍ਰਕਿਰਿਆ ਜਾਰੀ ਰਹੀ। ਉੱਤਰੀ ਕਾਕੇਸ਼ਸ ਅਤੇ ਦਾਗਿਸਤਾਨ ‘ਚ ਵੀ ਇਸ ਦੌਰਾਨ ਜਮਹੂਰੀ ਗਣਰਾਜ ਦੀ ਸਥਾਪਨਾ ਲਈ ਸਥਾਨਕ ਕੌਮਵਾਦੀਆਂ ਅਤੇ ਬਾਲਸ਼ੈਵਿਕਾਂ ਵਿਚਕਾਰ ਸੰਘਰਸ਼ ਜਾਰੀ ਰਿਹਾ। ਇਸ ਮਗਰੋਂ ਮਈ 1920 ‘ਚ, ਬਸ਼ਕੀਰ ਅਤੇ ਤਾਤਾਰ ਖੁਦਮੁਖਤਿਆਰ ਸੋਵੀਅਤ ਸਮਾਜਵਾਦੀ ਗਣਰਾਜ ਅਤੇ ਚੁਵਾਸ਼ ਖੁਦਮੁਖਤਿਆਰ ਖੇਤਰ ਹੋਂਦ ‘ਚ ਆਏ ਅਤੇ ਇਸੇ ਸਾਲ ਦੇ ਅਖੀਰ ਤੱਕ ਕਜਾਖ਼ ਸੋਵੀਅਤ ਸਮਾਜਵਾਦੀ ਗਣਰਾਜ ਅਤੇ ਕਲਮਿਕ ਖੁਦਮੁਖਤਿਆਰ ਖੇਤਰ ਹੋਂਦ ‘ਚ ਆਏ।
ਤੁਰਕੇਸਤਾਨ ‘ਚ ਤਾਸ਼ਕੰਤ ‘ਚ ਪਹਿਲੀ ਸੋਵੀਅਤ ਜਮਹੂਰੀ ਸਰਕਾਰ ਸਤੰਬਰ 1917 ‘ਚ ਹੀ ਹੋਂਦ ‘ਚ ਆ ਗਈ। ਇਹ ਸ਼ੁਰੂਆਤ ‘ਚ ਬਾਲਸ਼ੈਵਿਕਾਂ ਦੀ ਅਗਵਾਈ ‘ਚ ਨਹੀਂ ਬਣੀ ਸੀ। ਹਾਲਾਂਕਿ ਇਸ ਵਿੱਚ ਮੈਨਸ਼ੈਵਿਕ ਸ਼ਾਮਲ ਸਨ, ਪਰ ਇਸਦਾ ਖਾਸਾ ਰੈਡੀਕਲ ਜਮਹੂਰੀ ਸੀ ਅਤੇ ਆਰਜੀ ਸਰਕਾਰ ਦਾ ਤਖਤਾਪਲਟ ਕਰਕੇ ਹੀ ਇਸਨੇ ਸੱਤਾ ‘ਤੇ ਕਬਜਾ ਕੀਤਾ ਸੀ। ਉੱਥੇ ਹੀ ਦੂਜੇ ਪਾਸੇ ਕੋਕੰਦ ‘ਚ ਮੁਸਲਮਾਨਾਂ ਦੀ ਕਾਂਗਰਸ ਨੇ ਖੁਦਮੁਖਤਿਆਰ ਤੁਰਕੇਸਤਾਨ ਦਾ ਐਲਾਨ ਕਰ ਦਿੱਤਾ ਜਿਸਨੂੰ ਇੱਕ ਜਮਹੂਰੀ ਗਣਰਾਜ ਕਿਹਾ ਗਿਆ।
ਇਸ ਤੋਂ ਇਲਾਵਾ ਖੀਵਾ, ਬੁਕਾਰਾ ‘ਚ ਵੀ 1918 ‘ਚ ਅਮੀਰਾਂ ਅਤੇ ਖਾਨਾਂ ਦੀ ਅਗਵਾਈ ‘ਚ ਪਹਿਲਾਂ ਬੁਰਜੂਆ ਜਮਹੂਰੀ ਸੱਤਾਵਾਂ ਹੀ ਹੋਂਦ ‘ਚ ਆਈਆਂ। ਇਨ੍ਹਾਂ ਵੱਖ-ਵੱਖ ਇਲਾਕਿਆਂ ‘ਚ ਸੋਵੀਅਤ ਸੱਤਾ ਆਪਣੀ ਹਾਲਤ 1920 ਤੋਂ ਹੀ ਮਜ਼ਬੂਤ ਕਰਨ ਦੀ ਹਾਲਤ ‘ਚ ਪਹੁੰਚੀ। ਖੀਵਾ ਤੋਂ ਖਾਨਾਂ ਦੀ ਸਰਕਾਰ ਨੂੰ ਖਦੇੜਿਆ ਗਿਆ ਅਤੇ ਉੱਥੇ ਖੋਰਮ (ਖੀਵਾ ਦਾ ਪ੍ਰਾਚੀਨ ਨਾਮ) ਦੇ ਜਮਹੂਰੀ ਗਣਰਾਜ ਦੀ ਸਥਾਪਨਾ ਕੀਤੀ ਗਈ। ਇਸੇ ਸਮੇਂ ਬੁਖਾਰਾ ‘ਚ ਵੀ ਅਮੀਰ ਦੀ ਸੱਤਾ ਦਾ ਨਿਘਾਰ ਹੋਇਆ ਅਤੇ ਨਵੰਬਰ-ਦਸੰਬਰ, 1920 ‘ਚ ਬੁਖਾਰਾ ‘ਚ ਵੀ ਸੋਵੀਅਤ ਗਣਰਾਜ ਦੀ ਸਥਾਪਨਾ ਹੋ ਗਈ। ਇਸ ਮਗਰੋਂ ਅਪ੍ਰੈਲ 1921 ‘ਚ ਤੁਰਕੇਸਤਾਨ ਸਮਾਜਵਾਦੀ ਸੋਵੀਅਤ ਗਣਰਾਜ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਜੋ ਕਿ RSFSR ‘ਚ ਖੁਦਮੁਖਤਿਆਰ ਇਕਾਈ ਵਜੋਂ ਸ਼ਾਮਲ ਹੋਇਆ।
ਯਾਨੀ ਪੂਰਬੀ ਸਰਹੱਦ ਦੀਆਂ ਇਨ੍ਹਾਂ ਸਾਰੀਆਂ ਪਸਿੱਤੀਆਂ ਕੌਮਾਂ ‘ਚ ਵੀ ਪਹਿਲਾਂ ਬੁਰਜੂਆ ਜਮਹੂਰੀ ਸੱਤਾਵਾਂ ਹੀ ਹੋਂਦ ‘ਚ ਆਈਆਂ। ਕੁਝ ਥਾਂਈਂ ਸੰਘਰਸ਼ ਕਾਫੀ ਚਿਰ ਤੱਕ ਚੱਲਦਾ ਰਿਹਾ ਅਤੇ ਘਰੇਲੂ ਜੰਗ ਦੀਆਂ ਹਾਲਤਾਂ ‘ਚ ਸਮਾਜਵਾਦੀ ਰੂਸ ਦਾ ਵੀ ਇਸ ਪ੍ਰਕਿਰਿਆ ‘ਚ ਦਖ਼ਲ ਰਿਹਾ। ਪਰ ਇਨ੍ਹਾਂ ਸਭ ਥਾਂਵਾਂ ‘ਤੇ ਤੁਰੰਤ ਸਮਾਜਵਾਦੀ ਇਨਕਲਾਬ ਨੇਪਰੇ ਨਹੀਂ ਚੜ੍ਹਿਆ, ਜਿਵੇਂ ਕਿ ਸਾਡੇ ਟ੍ਰਾਟ-ਬੁੰਦਵਾਦੀਆਂ ਨੂੰ ਲੱਗਦਾ ਹੈ।
ਸੋਵੀਅਤ ਰੂਸ (R.S.F.S.R.) ਦੀਆਂ ਖੁਦਮੁਖਤਿਆਰ ਇਕਾਈਆਂ, ਕੌਮੀਅਤਾਂ ਅਤੇ ਨਸਲੀ ਉਪ-ਕੌਮੀਅਤਾਂ: ਚੁਵਾਸ਼, ਮਾਰੀ, ਕਲਮਿਕ, ਆਦਿ
ਉਪਰੋਕਤ ਪਸਿੱਤੀਆਂ ਕੌਮਾਂ ਤੋਂ ਇਲਾਵਾ, ਕੁਝ ਅਜਿਹੀਆਂ ਕੌਮੀਅਤਾਂ, ਉਪ-ਕੌਮੀਅਤਾਂ ਅਤੇ ਬਹੁਤ ਹੀ ਛੋਟੀਆਂ ਨਸਲੀ ਕੌਮਾਂ ਅਤੇ ਕੌਮੀਅਤਾਂ ਸਨ ਜੋ ਕਿ ਆਪਣਾ ਕੌਮੀ-ਰਾਜ ਬਣਾਉਣ ਦੇ ਸਮਰੱਥ ਨਹੀਂ ਸਨ। ਉਹ ਖੁਦਮੁਖਤਿਆਰ ਇਕਾਈਆਂ ਅਤੇ ਖੇਤਰਾਂ ਦੇ ਤੌਰ ‘ਤੇ ਸੋਵੀਅਤ ਰੂਸ ‘ਚ ਸ਼ਾਮਲ ਹੋਈਆਂ। ਇਨ੍ਹਾਂ ਦੇ ਕੌਮੀ ਆਪਾ-ਨਿਰਣੇ ਦਾ ਹੱਕ ਯਾਨੀ ਕਿ ਵੱਖ ਹੋਣ ਦੇ ਹੱਕ ਦਾ ਸਵਾਲ ਹੀ ਅਢੁਕਵਾਂ ਸੀ ਕਿਉਂਕਿ ਭਿੰਨ-ਭਿੰਨ ਕਾਰਨਾਂ ਕਰਕੇ ਇਹ ਕੌਮੀਅਤਾਂ ਆਪਣੇ ਸੁਤੰਤਰ ਰਾਜ ਦੇ ਗਠਨ ਦੇ ਸਮਰੱਥ ਨਹੀਂ ਸਨ। ਉਹ ਬੱਸ ਖੇਤਰੀ (ਸੱਭਿਆਚਾਰਕ ਨਹੀਂ!) ਖੁਦਮੁਖਤਿਆਰੀ ਚਾਹੁੰਦੀਆਂ ਸੀ ਜੋ ਕਿ R.S.F.S.R. ਯਾਨੀ ਸਮਾਜਵਾਦੀ ਸੋਵੀਅਤ ਰੂਸ ‘ਚ ਉਨ੍ਹਾਂ ਨੂੰ ਮਿਲੀ। ਇੱਕ ਸੰਖੇਪ ਨਿਗਾਹ ਉਨ੍ਹਾਂ ‘ਤੇ ਵੀ ਮਾਰ ਲੈਂਦੇ ਹਾਂ।
ਅਕਤੂਬਰ ਇਨਕਲਾਬ ਤੋਂ ਬਾਅਦ ਰੂਸੀ ਸਮਾਜਵਾਦੀ ਸੰਘਾਤਮਿਕ ਸੋਵੀਅਤ ਗਣਰਾਜ (RSFSR) ਦੇ ਹੋਂਦ ‘ਚ ਆਉਣ ਦੇ ਨਾਲ ਖੁਦਮੁਖਤਿਆਰ ਇਕਾਈਆਂ ਦੇ ਰੂਪ ‘ਚ ਕੁਝ ਅਜਿਹੀਆਂ ਕੌਮੀਅਤਾਂ ਅਤੇ ਕੌਮਾਂ ਵੀ ਸ਼ਾਮਲ ਹੋਈਆਂ ਸਨ ਜੋ ਜਾਂ ਤਾਂ ਆਪਣੀ ਨਿਸ਼ਚਿਤ ਖੇਤਰੀਤਾ ਦੀ ਗੈਰ-ਮੌਜੂਦਗੀ ਕਰਕੇ ਜਾਂ ਫੇਰ ਆਪਣੇ ਬਹੁਤ ਹੀ ਛੋਟੇ ਅਕਾਰ, ਗਿਣਤੀ ਅਤੇ ਖਿੰਡਾਅ ਕਰਕੇ ਇੱਕ ਵੱਖਰੇ ਸੁਤੰਤਰ ਕੌਮੀ-ਰਾਜ ਦੇ ਗਠਨ ਦੇ ਸਮਰੱਥ ਨਹੀਂ ਸਨ। ਇਨ੍ਹਾਂ ਚੋਂ ਮੁੱਖ ਤੌਰ ‘ਤੇ ਕਈ ਗੈਰ-ਸਲਾਵ ਭਾਈਚਾਰੇ ਸਨ। ਚੁਵਾਸ਼, ਕਲਮਿਕ, ਮਾਰੀ ਆਦਿ ਅਜਿਹੇ ਭਾਈਚਾਰੇ ਸਨ ਜਿਨ੍ਹਾਂ ਦੀ ਖੇਤਰੀਤਾ ਤਾਂ ਸੀ ਪਰ ਵਸੋਂ ਦੇ ਲਿਹਾਜ਼ ਨਾਲ ਸੁਤੰਤਰ ਕੌਮੀ-ਰਾਜ ਬਣਾਉਣ ਲਈ ਇਹ ਢੁਕਵੇਂ ਨਹੀਂ ਸਨ। ਇਸ ਲਈ ਇਨ੍ਹਾਂ ਨੂੰ RSFSR ਦੇ ਅੰਦਰ ਖੁਦਮੁਖਤਿਆਰ ਇਕਾਈਆਂ ਦੇ ਰੂਪ ‘ਚ ਮਾਨਤਾ ਦੇ ਦਿੱਤੀ ਗਈ।
ਇਸ ਪੂਰੇ ਬਿਓਰੇ ਲਈ ਪਾਠਕ ਈ.ਐਚ. ਕਾਰ ਦੀ ਪੁਸਤਕ ‘ਦਿ ਬਾਲਸ਼ੈਵਿਕ ਰਿਵੋਲਿਊਸ਼ਨ’ ਦੀ ਪਹਿਲੀ ਸੈਂਚੀ ਦੇ ਚੈਪਟਰ ‘ਸੈਲਫ਼ ਡਿਟਰਮਿਨੇਸ਼ਨ ਇਨ ਪ੍ਰੈਕਟਿਸ’ ਅਤੇ ‘ਬੈਲੇਂਸ ਸ਼ੀਟ ਆਫ਼ ਸੈਲਫ਼ ਡਿਟਰਮਿਨੇਸ਼ਨ’ ਦਾ ਅਧਿਐਨ ਕਰ ਸਕਦੇ ਹਨ।
ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਰੂਸ ‘ਚ ਸਮਾਜਵਾਦੀ ਇਨਕਲਾਬ ਅਤੇ ਸਮਾਜਵਾਦੀ ਗਣਰਾਜ ਦੀ ਸਥਾਪਨਾ ਮਤਲਬ ਸਾਰੀਆਂ ਪਸਿੱਤੀਆਂ ਕੌਮਾਂ ‘ਚ ਸਿੱਧਾ ਸਮਾਜਵਾਦੀ ਇਨਕਲਾਬ ਅਤੇ ਸਮਾਜਵਾਦੀ ਗਣਰਾਜ ਦੀ ਸਥਾਪਨਾ ਨਹੀਂ ਸੀ। ਇਨ੍ਹਾਂ ਸਾਰੀਆਂ ਪਸਿੱਤੀਆਂ ਕੌਮਾਂ ‘ਚ ਪਹਿਲਾ ਸਵਾਲ ਕੌਮੀ ਜਮਹੂਰੀ ਇਨਕਲਾਬ ਦਾ ਸੀ ਅਤੇ ਇਸ ਸਵਾਲ ਦੇ ਹੱਲ ਹੋਣ ਦੇ ਬਾਅਦ ਹੀ ਇਹ ਵੱਖ-ਵੱਖ ਕੌਮਾਂ ਵੱਖ-ਵੱਖ ਸਮੇਂ ‘ਚ ਵੱਖ-ਵੱਖ ਪ੍ਰਕਿਰਿਆਵਾਂ ਚੋਂ ਲੰਘਕੇ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਪਹੁੰਚੇ। ਕੁਝ ਛੇਤੀ ਪਹੁੰਚੇ ਤਾਂ ਕੁਝ ਦੇਰ ਨਾਲ ਪਹੁੰਚੇ। ਪਰ ਤਤਕਾਲ ਇਨ੍ਹਾਂ ਸਾਰੀਆਂ ਪਸਿੱਤੀਆਂ ਕੌਮੀਅਤਾਂ ‘ਚ ਕਿਸੇ ਨਾ ਕਿਸੇ ਕਿਸਮ ਦੇ ਜਮਹੂਰੀ ਗਣਰਾਜ ਦੀ ਸਥਾਪਨਾ ਹੋਈ, ਨਾ ਕਿ ਸਮਾਜਵਾਦੀ ਗਣਰਾਜ ਦੀ, ਜਿਵੇਂ ਕਿ ਇਤਿਹਾਸ ਪ੍ਰਤੀ ਸ਼ਰਮਨਾਕ ਅਨਪੜ੍ਹਤਾ ਕਾਰਨ ਸਾਡੇ ਟ੍ਰਾਟ-ਬੁੰਦਵਾਦੀਆਂ ਨੂੰ ਲੱਗਦਾ ਹੈ।
ਨਿਚੋੜ
ਕੁੱਲ-ਮਿਲਾਕੇ ਗੱਲ ਇਹ ਹੈ ਕਿ ਰੂਸ ‘ਚ ਅਕਤੂਬਰ ਇਨਕਲਾਬ ਸਮਾਜਵਾਦੀ ਇਨਕਲਾਬ ਸੀ, ਪਰ ਇਸਦਾ ਮਤਲਬ ਇਹ ਨਹੀਂ ਸੀ ਕਿ ਜਾਰਵਾਦੀ ਰੂਸੀ ਸਾਮਰਾਜ ਦੀਆਂ ਸਾਰੀਆਂ ਪਸਿੱਤੀਆਂ ਕੌਮਾਂ ਲਈ ਵੀ ਇਹ ਸਿੱਧਾ ਸਮਾਜਵਾਦੀ ਇਨਕਲਾਬ ਸੀ। ਇਨ੍ਹਾਂ ਸਾਰੀਆਂ ਪਸਿੱਤੀਆਂ ਕੌਮਾਂ ਦੇ ਦੇਸ਼ਾਂ ‘ਚ ਸਭ ਤੋਂ ਪਹਿਲਾਂ ਕੌਮੀ ਜਮਹੂਰੀ ਕਾਰਜ ਪੂਰਾ ਹੋਇਆ ਅਤੇ ਇਸ ਤਰ੍ਹਾਂ ਰਾਜਸੱਤਾ ਦੇ ਜਮਹੂਰੀ ਕਾਰਜ ਪੂਰੇ ਹੋਏ। ਇਸਦੇ ਨਤੀਜੇ ਵਜੋਂ, ਇਨ੍ਹਾਂ ਸਾਰੀਆਂ ਕੌਮਾਂ ਦੇ ਦੇਸ਼ਾਂ ‘ਚ ਸਿੱਧਾ ਸਮਾਜਵਾਦੀ ਗਣਰਾਜ ਹੋਂਦ ‘ਚ ਨਹੀਂ ਆਏ ਸਗੋਂ ਲੋਕਾਈ ਦੇ ਜਮਹੂਰੀ ਗਣਰਾਜ ਜਾਂ ਬੁਰਜੂਆ ਜਮਹੂਰੀ ਗਣਰਾਜ ਹੀ ਹੋਂਦ ‘ਚ ਆਏ। ਇਸ ਤੋਂ ਬਾਅਦ ਪਹਿਲਾਂ ਘਰੇਲੂ ਜੰਗ ਦੀ ਪ੍ਰਕਿਰਿਆ ਦੇ ਦੌਰਾਨ ਅਤੇ ਉਸ ਤੋਂ ਬਾਅਦ ਦੂਜੀ ਸੰਸਾਰ ਜੰਗ ਦੀ ਪ੍ਰਕਿਰਿਆ ਦੇ ਦੌਰਾਨ ਵੱਖ-ਵੱਖ ਲੋਕਾਈ ਦੇ ਜਮਹੂਰੀ ਗਣਰਾਜਾਂ ‘ਚ ਬਾਲਸ਼ੈਵਿਕ ਸੱਤਾ ‘ਚ ਆਏ ਅਤੇ ਸਮਾਜਵਾਦੀ ਗਣਰਾਜਾਂ ਦੀ ਸਥਾਪਨਾ ਹੋਈ ਅਤੇ ਇਹ ਵੱਖ-ਵੱਖ ਸਮੇਂ ‘ਤੇ ਸੋਵੀਅਤ ਸੰਘ ‘ਚ ਸ਼ਾਮਲ ਹੋਏ।
ਇਸ ਲਈ ‘ਪ੍ਰਤੀਬੱਧ-ਲਲਕਾਰ’ ਦੇ ਟ੍ਰਾਟ-ਬੁੰਦਵਾਦੀ ਸ੍ਰੀਮਾਨ ਦਾ ਇਹ ਦਾਅਵਾ ਕਿ ਅਕਤੂਬਰ ਇਨਕਲਾਬ ਨੇ ਰੂਸੀ ਸਾਮਰਾਜ ਦੀਆਂ ਸਾਰੀਆਂ ਪਸਿੱਤੀਆਂ ਕੌਮਾਂ ‘ਚ ਸਿੱਧਾ ਸਮਾਜਵਾਦੀ ਇਨਕਲਾਬ ਰਾਹੀਂ ਕੌਮੀ ਅਜਾਦੀ ਦੇ ਸਵਾਲ ਨੂੰ ਹੱਲ ਕੀਤਾ, ਬੱਸ ਇਹੀ ਸਿੱਦ ਕਰਦਾ ਹੈ ਕਿ ‘ਪ੍ਰਤੀਬੱਧ’ ਦੇ ਸੰਪਾਦਕ ਸ੍ਰੀ ਟ੍ਰਾਟ-ਬੁੰਦਵਾਦੀ ਨੇ ਨਾ ਤਾਂ ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਸਿਧਾਂਤਾਂ ਦਾ ਹੀ ਢੰਗ ਨਾਲ ਅਧਿਐਨ ਕੀਤਾ ਹੈ ਅਤੇ ਨਾ ਹੀ ਬਾਲਸ਼ੈਵਿਕ ਇਨਕਲਾਬ, ਸਮਾਜਵਾਦੀ ਉਸਾਰੀ ਅਤੇ ਕੌਮੀ ਸਵਾਲ ਦੇ ਹੱਲ ਹੋਣ ਦੀ ਪ੍ਰਕਿਰਿਆ ਦੇ ਪੂਰੇ ਇਤਿਹਾਸ ਦਾ ਕੋਈ ਅਧਿਐਨ ਕੀਤਾ ਹੈ।
'आह्वान' की सदस्यता लें!
आर्थिक सहयोग भी करें!